ਪ੍ਰੀਤਇੰਦਰ ਕੌਰ
68ਵੇਂ ਰਾਸ਼ਟਰੀ ਫਿਲਮ ਐਵਾਰਡਜ਼ ਵਿੱਚ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਐਵਾਰਡ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖੀ ਤੇ ਨਿਰਦੇਸ਼ਤ ਡਾਕੂਮੈਂਟਰੀ ਫਿਲਮ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ ਮਿਲਿਆ ਹੈ। ਇਸ ਵਾਰ ਰਾਸ਼ਟਰੀ ਐਵਾਰਡਾਂ ਵਿੱਚ ਪੰਜਾਬ ਦੀ ਲਾਜ ਰੱਖਣ ਵਾਲੀ ਇਹ ਇਕਲੌਤੀ ਫਿਲਮ ਹੈ। ਇਹ ਫਿਲਮ ਆਪਣੇ ਆਪ ਵਿੱਚ ਕਈ ਪੱਖਾਂ ਤੋਂ ਵਿਲੱਖਣ ਹੈ। ਪੰਜਾਬ ਵਿੱਚ ਇਸ ਪੱਧਰ ਦਾ ਡਾਕੂ-ਡਰਾਮਾ ਵਰਗ ਦਾ ਕੋਈ ਫਿਲਮੀ ਪ੍ਰਾਜੈਕਟ ਇਸ ਤੋਂ ਪਹਿਲਾਂ ਵੇਖਣ ਨੂੰ ਨਹੀਂ ਮਿਲਦਾ। ਨੈਸ਼ਨਲ ਫਿਲਮ ਐਵਾਰਡਾਂ ਦੇ ਅਠਾਹਠ ਸਾਲਾਂ ਦੇ ਇਤਿਹਾਸ ਵਿੱਚ ਨਾਨ-ਫੀਚਰ ਕੈਟੇਗਰੀ ਵਿੱਚ ਜਿੱਤਣ ਵਾਲੀ ਪੰਜਾਬ ਦੀ ਇਹ ਪਹਿਲੀ ਫਿਲਮ ਹੈ। ਇਸ ਦੇ ਜਲਦੀ ਹੀ ਕਿਸੇ ਵੱਡੇ ਅੰਤਰਰਾਸ਼ਟਰੀ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਸ ਫਿਲਮ ਦੀਆਂ ਪ੍ਰਾਪਤੀਆਂ ਤੋਂ ਇਹ ਨਿਸ਼ਚੇ ਹੀ ਕਿਹਾ ਜਾ ਸਕਦਾ ਹੈ ਕਿ ਫਿਲਮ ਪੰਜਾਬੀ ਸਿਨਮਾ ਦੇ ਨਾਲ ਨਾਲ ਵਿਸ਼ਵ ਸਿਨਮਾ ਵਿੱਚ ਵੀ ਨਵੇਂ ਮੀਲ ਪੱਥਰ ਵਜੋਂ ਜਾਣੀ ਜਾਵੇਗੀ। ਇਸ ਦੇ ਨਿਰਮਾਤਾ ਸਰਦਾਰ ਕਰਨਵੀਰ ਸਿੰਘ ਸਿਵੀਆ ਹਨ ਜੋ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਕਲਾਤਮਕ ਸਿਰਜਣਾਵਾਂ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।
ਇਹ ਫਿਲਮ ਪਹਿਲੀ ਭਾਰਤੀ ਜੰਗ ਦੇ ਅਣਗੌਲੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ। ਪ੍ਰੀਤਮ ਸਿੰਘ ਦਾ ਜਨਮ 05 ਅਕਤੂਬਰ 1911 ਨੂੰ ਦੀਨਾ ਸਾਹਿਬ ਵਿਖੇ ਹੋਇਆ ਜਿੱਥੇ ਦਸਮ ਗੁਰੂ ਨੇ ਜ਼ਫ਼ਰਨਾਮਾ ਰਚਿਆ। ਉਹ ਦੂਜੇ ਵਿਸ਼ਵ ਯੁੱਧ ਵਿੱਚ ਸਿੰਗਾਪੁਰ ਦੇ ਮੋਰਚੇ ’ਤੇ ਲੜ ਰਹੇ ਸਨ, ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ਵਿੱਚ ਫੜੇ ਗਏ। 4 ਮਈ 1942 ਨੂੰ ਉਹ ਆਪਣੇ ਦੋ ਸਾਥੀਆਂ ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ.ਆਰ. ਪ੍ਰਭ ਨਾਲ ਉੱਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫ਼ਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖਰ ਭਾਰਤ ਪਹੁੰਚ ਗਏ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਿਲਟਰੀ ਕਰਾਸ’ ਨਾਲ ਸਨਮਾਨਤ ਕੀਤਾ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰੀਤਮ ਸਿੰਘ ਸ੍ਰੀਨਗਰ ਵਿਖੇ ਭਾਰਤੀ ਫੌਜ ਦੀ ਫੈਸਲਾਕੁੰਨ ਸ਼ਾਲਟੈਂਗ ਦੀ ਲੜਾਈ ਵਿੱਚ ਸ਼ਾਮਲ ਹੋਏ ਅਤੇ ਤਿੰਨ ਮਹੀਨਿਆਂ ਵਿੱਚ ਹੀ ਪਾਕਿਸਤਾਨੀ ਫੌਜ ਨੂੰ ਉੜੀ ਤੋਂ ਵੀ ਪਿੱਛੇ ਧੱਕ ਦਿੱਤਾ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ ਉਨ੍ਹਾਂ ਨੂੰ 20 ਨਵੰਬਰ 1947 ਨੂੰ ਪੁਣਛ ਨੂੰ ਬਚਾਉਣ ਭੇਜਿਆ ਗਿਆ। ਲਗਭਗ ਡੇਢ ਸਾਲ ਦੇ ਖਤਰਨਾਕ ਫੌਜੀ ਅਪਰੇਸ਼ਨ ਦੌਰਾਨ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ 50000 ਲੋਕਾਂ ਦੀ ਜਾਨ ਬਚਾਈ, ਜਿਸ ਕਰਕੇ ਪੁੰਛ ਅਤੇ ਜੰਮੂ-ਕਸ਼ਮੀਰ ਦਾ ਬਹੁਤ ਵੱਡਾ ਹਿੱਸਾ ਅੱਜ ਭਾਰਤ ਵਿੱਚ ਸ਼ਾਮਲ ਹੈ, ਪਰ ਕੁਝ ਗਲਤ ਇਲਜ਼ਾਮਾਂ ਕਰਕੇ ਉਨ੍ਹਾਂ ਦਾ ਕੋਰਟ-ਮਾਰਸ਼ਲ ਕਰ ਦਿੱਤਾ ਗਿਆ। ਪੌਣੀ ਸਦੀ ਬਾਅਦ ਇਸ ਕਹਾਣੀ ਨੂੰ ਤੱਥਾਂ ਅਤੇ ਅੰਤਰਰਾਸ਼ਟਰੀ ਮਿਆਰਾਂ ਰਾਹੀਂ ਪੇਸ਼ ਕਰਨ ਕਰਕੇ ਇਸ ਫਿਲਮ ਨੂੰ ਬੈਸਟ ਇਨਵੈਸਟੀਗੇਟਿਵ ਫਿਲਮ ਵਜੋਂ ਚੁਣਿਆ ਗਿਆ ਹੈ।
ਇਹ ਫਿਲਮ ਟੀਮ ਦੀ ਲਗਪਗ ਤਿੰਨ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਫਿਲਮ ਲਈ ਪਿੱਠਵਰਤੀ ਆਵਾਜ਼ ਬੌਲੀਵੁੱਡ ਦੇ ਨਾਮਵਰ ਅਦਾਕਾਰ ਜ਼ਾਕਰ ਹੁਸੈਨ ਨੇ ਦਿੱਤੀ ਹੈ ਅਤੇ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕਾਰਜ ਮੁੰਬਈ ਦੇ ਬਿਹਤਰੀਨ ਸਟੂਡੀਓਜ਼ ਵਿੱਚ ਹੋਇਆ ਹੈ। ਇਹ ਫਿਲਮ ਡਾਕੂਮੈਂਟਰੀ ਅਤੇ ਫੀਚਰ ਫਿਲਮ ਦਾ ਸੁਮੇਲ ਹੈ, ਇਸ ਲਈ ਇਸ ਨੂੰ ਡਾਕੂ ਡਰਾਮਾ ਵਰਗ ਵਿੱਚ ਗਿਣਿਆ ਜਾਂਦਾ ਹੈ। ਡਾਕੂਮੈਂਟਰੀ ਭਾਗ ਲਈ ਜਿੱਥੇ ਦੂਜੇ ਵਿਸ਼ਵ ਯੁੱਧ ਅਤੇ 1947 ਦੇ ਤਮਾਮ ਸਰੋਤ ਵੇਖੇ ਗਏ ਉੱਥੇ ਡਰਾਮਾ ਭਾਗ ਲਈ ਬਿਹਤਰੀਨ ਅਦਾਕਾਰਾਂ ਨੂੰ ਸ਼ਾਮਲ ਕੀਤਾ ਗਿਆ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਰੋਲ ਨੌਜਵਾਨ ਅਦਾਕਾਰ ਧਨਵੀਰ ਸਿੰਘ ਦੁਆਰਾ ਨਿਭਾਇਆ ਗਿਆ ਜੋ ‘ਦਸਵੀਂ’ ਫਿਲਮ ਵਜੋਂ ਮਕਬੂਲ ਹੈ। ਇਸ ਦੇ ਨਾਲ ਹੀ ਮਹਾਂਬੀਰ ਭੁੱਲਰ ਅਤੇ ਪਾਲੀ ਸੰਧੂ ਵਰਗੇ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਜੰਮਪਲ ਨੌਜਵਾਨ ਫਿਲਮ ਲੇਖਕ ਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਇਸ ਤੋਂ ਪਹਿਲਾਂ ਚਾਰ ਲਘੂ ਫਿਲਮਾਂ ਦਾ ਲੇਖਣ ਤੇ ਨਿਰਦੇਸ਼ਨ ਕਰ ਚੁੱਕਾ ਹੈ। ਉਸ ਦੀਆਂ ਫਿਲਮਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਦੁਨੀਆ ਭਰ ਦੇ ਨਾਮਵਰ ਫਿਲਮ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਅਤੇ ਜੇਤੂ ਰਹਿੰਦੀਆਂ ਹਨ। ਮਿਸਾਲ ਵਜੋਂ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ ਵੀ ਇਸ ਤੋਂ ਪਹਿਲਾਂ ਪੰਦਰਾਂ ਤੋਂ ਵਧੇਰੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਜਿਨ੍ਹਾਂ ਵਿੱਚ ਲਾਸ ਏਂਜਲਸ ਫਿਲਮ ਐਵਾਰਡ, ਤੇਰਵਾਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ, ਨਵੀਂ ਦਿੱਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਮੇਤ ਰੋਮ ਸਵੀਡਨ ਇਟਲੀ ਲੰਡਨ ਆਦਿ ਥਾਵਾਂ ਦੇ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਵੀ ਜੇਤੂ ਰਹੀ ਹੈ। ਫਿਲਮ ਦੇ ਲੇਖਕ ਤੇ ਨਿਰਦੇਸ਼ਕ ਦਾ ਇਹ ਪਹਿਲਾ ਵੱਡਾ ਫਿਲਮੀ ਪ੍ਰਾਜੈਕਟ ਹੈ ਤੇ ਪਹਿਲੇ ਹੀ ਪ੍ਰਾਜੈਕਟ ਦਾ ਰਾਸ਼ਟਰੀ ਫਿਲਮ ਐਵਾਰਡ ਲਈ ਚੁਣਿਆ ਜਾਣਾ ਉਸ ਦੀ ਮਿਹਨਤ ਅਤੇ ਕਾਬਲੀਅਤ ਦੀ ਗਵਾਹੀ ਭਰਦਾ ਹੈ।
ਸੰਪਰਕ: 86997-75563