ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਇੱਥੋਂ ਦੇ ਢੰਡਾਰੀ ਕਲਾਂ ਇਲਾਕੇ ’ਚ ਇੱਕ ਵਿਹੜੇ ’ਚ ਰਹਿਣ ਵਾਲੇ ਤਿੰਨ ਨੌਜਵਾਨਾਂ ਨੇ ਮਿਲ ਕੇ ਸ਼ਰਾਬ ਪੀਤੀ ਤੇ ਸ਼ਰਾਬ ਪੀਣ ਤੋਂ ਬਾਅਦ ਤਿੰਨੇ ਦੋਸਤਾਂ ’ਚ ਬਹਿਸ ਹੋ ਗਈ। ਬਹਿਸ ਦੌਰਾਨ ਦੋ ਦੋਸਤਾਂ ਨੇ ਮਿਲ ਕੇ ਗਿੰਨੀ ਸ਼ਰਮਾ (30) ਨਾਂ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਤੇ ਚੌਕੀ ਢੰਡਾਰੀ ਕਲਾਂ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਗਿੰਨੀ ਦੇ ਦੋਸਤ ਨੰਦਰਾਮ ਤੇ ਲਵਲੀਸ਼ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਫੜ੍ਹ ਲਿਆ ਗਿਆ ਹੈ। ਉਨ੍ਹਾਂ ਦੇ ਹੋਸ਼ ’ਚ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਮੁਲਜ਼ਮਾਂ ਨੇ ਗਿੰਨੀ ਦਾ ਕਤਲ ਕਿਉਂ ਕੀਤਾ।
ਸਿਰ ਵਿੱਚ ਡੰਡਾ ਮਾਰ ਕੇ ਪਤਨੀ ਦੀ ਹੱਤਿਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਸਿਰ ਵਿੱਚ ਡੰਡਾ ਮਾਰ ਕੇ ਕਤਲ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪਰਮਜੀਤ ਕਲੋਨੀ ਜੀਵਨ ਨਗਰ ਵਾਸੀ ਮਨੋਜ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਭੈਣ ਕਮਲਾ ਦੇਵੀ (33) ਦਾ ਵਿਆਹ ਹਰਦੋਈ (ਉੱਤਰ ਪ੍ਰਦੇਸ਼) ਵਾਸੀ ਪ੍ਰਦੀਪ ਕੁਮਾਰ ਗੁੱਡੂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜੀਵਨ ਨਗਰ ਵਾਸੀ ਨਿਸ਼ਾਨ ਸਿੰਘ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਪ੍ਰਦੀਪ ਕੁਮਾਰ ਨੇ ਆਪਣੀ ਪਤਨੀ ਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪ੍ਰਦੀਪ ਕੁਮਾਰ ਗੁੱਡੂ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।