ਕੁਲਦੀਪ ਸਿੰਘ
ਚੰਡੀਗੜ੍ਹ, 4 ਨਵੰਬਰ
ਪੰਜਾਬ ਯੂਨੀਵਰਸਿਟੀ ਦੀ ਤੀਜੀ ‘ਗਲੋਬਲ ਐਲੂਮਨੀ ਮੀਟ’ ਅੱਜ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਈ ਜਿਸ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੀਯੂ ਦੇ ਚਾਂਸਲਰ ਜਗਦੀਪ ਧਨਖੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਹਾਜ਼ਰ ਹੋਏ। ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਤੀਜੀ ਗਲੋਬਲ ਐਲੂਮਨੀ ਮੀਟ ਵਿੱਚ ਹਾਜ਼ਰੀ ਲਈ ਧੰਨਵਾਦ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਜਗਦੀਪ ਧਨਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਭ ਤੋਂ ਮਸ਼ਹੂਰ ਅਤੇ ਸਤਿਕਾਰਤ ਬੁੱਧੀਜੀਵੀਆਂ ਵਿੱਚੋਂ ਹਨ। ਨਾਲੰਦਾ ਵਰਗੀਆਂ ਪ੍ਰਾਚੀਨ ਭਾਰਤ ਦੀਆਂ ਨਾਮਵਰ ਸੰਸਥਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਸਿੱਖਿਅਕਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਉਹ ਪੁਰਾਣੀ ਸ਼ਾਨ ਮੁੜ ਪ੍ਰਾਪਤ ਕਰਨ ਲਈ ਟੀਚਾ ਮਿੱਥਣ ਬਾਰੇ ਕਿਹਾ। ਸ੍ਰੀ ਧਨਖੜ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇੱਕ ਵਾਤਾਵਰਨ ਪ੍ਰਣਾਲੀ ਦੇ ਨਿਰਮਾਣ ਵਿੱਚ ਮੱਦਦ ਕਰਨ ਜਿੱਥੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਦਾ ਮੌਕਾ ਮਿਲੇ। ਦੁਪਹਿਰ ਦੇ ਸੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਵੀ ਹੋਈ। ਪ੍ਰੋ. ਅਨੁਪਮਾ ਸ਼ਰਮਾ ਕੋਆਰਡੀਨੇਟਰ ਗਲੋਬਲ ਐਲੂਮਨੀ ਮੀਟ ਅਤੇ ਡੀਨ ਐਲੂਮਨੀ ਐਸੋਸੀਏਸ਼ਨ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਜਾਣਕਾਰੀ ਮੁਤਾਬਕ ਪ੍ਰੋਗਰਾਮ ਵਿੱਚ 12 ਹਜ਼ਾਰ ਦੇ ਕਰੀਬ ਐਲੂਮਨੀਜ਼ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਪ੍ਰੰਤੂ 800 ਦੇ ਕਰੀਬ ਹੀ ਐਲੂਮਨੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਤੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਦੀ ਅਗਵਾਈ ਹੇਠ ਵਫ਼ਦ ਨੇ ਉਪ ਰਾਸ਼ਟਰਪਤੀ ਤੇ ਚਾਂਸਲਰ ਜਗਦੀਪ ਧਨਖੜ ਨਾਲ ਪੰਜਾਬ ਭਵਨ ਪਹੁੰਚ ਕੇ ਐਸੋਸੀਏਸ਼ਨ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਬਾਰੇ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਚਾਂਸਲਰ ਨੇ ਉਨ੍ਹਾਂ ਦੀਆਂ ਗੱਲ ਨੂੰ ਗਹੁ ਨਾਲ ਸੁਣਿਆ ਅਤੇ ਲਿਖਤੀ ਰੂਪ ਵਿੱਚ ਮੰਗਿਆ।
ਲਾਹੌਰ ਤੋਂ ਪੜ੍ਹੇ 97 ਸਾਲਾ ਐਲੂਮਨੀ ਨੂੰ ਅੰਦਰ ਜਾਣੋਂ ਰੋਕਿਆ
ਗਲੋਬਲ ਐਲੂਮਨੀ ਮੀਟ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਰੀਬ 97 ਸਾਲਾ ਐਲੂਮਨੀ ਸੇਵਾਮੁਕਤ ਸੈਸ਼ਨਜ਼ ਜੱਜ ਨਰਿੰਦਰ ਸਿੰਘ ਸਵਰਾਜ ਨੂੰ ਥੋੜ੍ਹਾ ਲੇਟ ਹੋਣ ਕਰਕੇ ਅੰਦਰ ਜਾਣੋਂ ਰੋਕ ਦਿੱਤਾ ਗਿਆ। ਰੋਕਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਸਕਿਓਰਿਟੀ ਕਾਰਨਾਂ ਕਰਕੇ ਬੈਰੀਕੇਡਾਂ ਕੋਲੋਂ ਹੀ ਪੈਦਲ ਜਾਣ ਲਈ ਕਿਹਾ ਗਿਆ। ਵਡੇਰੀ ਉਮਰ ਹੋਣ ਕਰਕੇ ਉਹ ਆਪਣੀ ਬੇਟੀ ਹਰਮੋਹਨ ਕੌਰ ਨਾਲ ਪੈਦਲ ਚੱਲ ਕੇ ਕਾਫ਼ੀ ਲੇਟ ਪਹੁੰਚੇ। ਉਹ ਪੀ.ਯੂ. ਦੀ ਹੀ ਸਾਬਕਾ ਐਲੂਮਨੀ ਆਪਣੀ ਬੇਟੀ ਹਰਮੋਹਨ ਕੌਰ ਨਾਲ ਆਏ ਸਨ। ਹਰਮੋਹਨ ਕੌਰ ਨੇ ਦੱਸਿਆ ਕਿ ਨਰਿੰਦਰ ਸਿੰਘ ਸਵਰਾਜ ਨੇ ਸੰਨ-1947 ਵਿੱਚ ਸਰਕਾਰੀ ਕਾਲਜ ਲਾਹੌਰ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹੀ ਕਾਲਜ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਤਬਦੀਲ ਹੋਇਆ। ਦੇਸ਼ ਦੀ ਵੰਡ ਕਰਕੇ ਚੱਲ ਰਹੇ ਭਿਆਨਕ ਮਾਹੌਲ ਕਰਕੇ ਸਵਰਾਜ ਦੋ ਪ੍ਰਾਈਵੇਟ ਸੁਰੱਖਿਆ ਗਾਰਡ ਲੈ ਕੇ ਲਾਹੌਰ ਵਿਖੇ ਪ੍ਰੀਖਿਆ ਦੇਣ ਲਈ ਗਏ ਸਨ। ਅੱਜ-ਕੱਲ੍ਹ ਚੰਡੀਗੜ੍ਹ ਵਿੱਚ ਰਹਿ ਰਹੇ ਸਵਰਾਜ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਵਾਂਝੇ ਰਹਿਣ ਕਰਕੇ ਕਾਫ਼ੀ ਬੁਰਾ ਮਨਾਇਆ।
ਉਪ ਰਾਸ਼ਟਰਪਤੀ ਨਹੀਂ ਪਹੁੰਚੇ ਛੱਤਬੀੜ
ਜ਼ੀਰਕਪੁਰ (ਹਰਜੀਤ ਸਿੰਘ): ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਛੱਤਬੀੜ ਚਿੜੀਆਘਰ ਪਹੁੰਚਣ ਦਾ ਤੈਅ ਪ੍ਰੋਗਰਾਮ ਰੱਦ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਛੱਤਬੀੜ ਚਿੜੀਆਘਰ ਵਿੱਚ ਤਿਆਰ ਕੀਤੇ ਵਿਸ਼ੇਸ਼ ਡਾਇਨਾਸੋਰ ਪਾਰਕ ਦਾ ਦੌਰਾ ਕੀਤਾ। ਇਸ ਦੌਰਾਨ ਛੱਤਬੀੜ ਚਿੜੀਆਘਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚਿੜੀਆਘਰ ਦੇ ਅੰਦਰ ਅਤੇ ਬਾਹਰ ਚੱਪੇ ਚੱਪੇ ‘ਤੇ ਪੁਲੀਸ ਦਾ ਸਖ਼ਤ ਪਹਿਰਾ ਸੀ। ਸੁਰੱਖਿਆ ਦੇ ਲਿਹਾਜ਼ ਨਾਲ ਪੱਤਰਕਾਰਾਂ ਨੂੰ ਵੀ ਛੱਤਬੀੜ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉੱਪ ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਲੰਘੇ ਕਈਂ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੱਬਾਂ ਭਾਰ ਹੋਏ ਪਏ ਸਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਅਤੇ ਐੱਸ.ਐੱਸ.ਪੀ. ਮੁਹਾਲੀ ਵਿਵੇਕਸ਼ੀਲ ਸੋਨੀ ਖ਼ੁਦ ਛੱਤਬੀੜ ਚਿੜੀਆਘਰ ਤਾਇਨਾਤ ਸਨ ਪਰ ਅੱਜ ਦੁਪਹਿਰ ਨੂੰ ਸਾਹਮਣੇ ਆਇਆ ਕਿ ਉੱਪ ਰਾਸ਼ਟਰਪਤੀ ਖ਼ੁਦ ਨਹੀਂ ਪਹੁੰਚ ਰਹੇ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਆ ਰਹੇ ਹਨ। ਇਸ ਨੂੰ ਲੈ ਕੇ ਅੱਜ ਛੱਤਬੀੜ ਚਿੜੀਆਘਰ ਆਉਣ ਵਾਲੇ ਹਰੇਕ ਵਿਅਕਤੀ ਦੀ ਮੈਟਲ ਡਿਟੈਕਟਰ ਨਾਲ ਜਾਂਚ ਕਰਨ ਮਗਰੋਂ ਅੰਦਰ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਛੱਤਬੀੜ ਚਿੜੀਆਘਰ ਆਉਣ ਜਾਣ ਵਾਲੀ ਹਰੇਕ ਸੜਕ ‘ਤੇ ਪੁਲੀਸ ਤਾਇਨਾਤ ਸੀ ਜੋ ਇਥੇ ਆਉਣ ਜਾਣ ਵਾਲੇ ਹਰੇਕ ਵਿਅਕਤੀ ‘ਤੇ ਵਿਸ਼ੇਸ਼ ਨਜਰ ਰੱਖ ਰਹੀ ਸੀ।