ਬੀਰਬਲ ਰਿਸ਼ੀ
ਸ਼ੇਰਪੁਰ, 22 ਅਕਤੂਬਰ
ਪਿੰਡ ਭਗਵਾਨਪੁਰਾ ਦੇ ਮਾਲ ਰਿਕਾਰਡ ਵਿੱਚ ਹੱਡਾਰੋੜੀ ਲਈ ਰੱਖ ਗਈ ਜਗ੍ਹਾ ’ਚ ਧਾਰਮਿਕ ਸਥਾਨ ਦੀ ਉਸਾਰੀ ਦਾ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਊਪਰਾਲੇ ਸਦਕਾ ਲੰਘੀ ਦੇਰ ਦੇਰ ਰਾਤ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਸੁਲਝ ਗਿਆ। ਮਾਮਲਾ ਹੱਲ ਹੋਣ ਮਗਰੋਂ ਜਿੱਥੇ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਲਿਆ ਉੱਥੇ ਹੀ ਅਧਿਕਾਰੀਆਂ ਵੱਲੋਂ ਪਿੰਡ ਦੀ ਵਾਟਰ ਵਰਕਸ ’ਤੇ ਚੜ੍ਹੀਆਂ ਚਾਰੋਂ ਬੀਬੀਆਂ ਕਰਮਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਅਤੇ ਮਨਜੀਤ ਕੌਰ ਨੂੰ ਹੇਠਾਂ ਉਤਾਰ ਲਿਆ ਗਿਆ। ਇਸ ਮਸਲੇ ਦਾ ਹੱਲ ਹੋਣ ਮਗਰੋ ਪਿੰਡ ਵਾਸੀਆਂ ਨੂੰ ਤਣਾਅ ਭਰੇ ਮਾਹੌਲ ਤੋਂ ਵੱਡੀ ਰਾਹਤ ਮਿਲੀ। ਜ਼ਿਕਰਯੋਗ ਹੈ ਕਿ ਹੱਡਾਰੋੜੀ ਵਾਲੀ ਜਗ੍ਹਾ ਵਿੱਚ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਨਿਸ਼ਾਨ ਸਾਹਿਬ ਲਗਾ ਕੇ ਧਾਰਮਿਕ ਸਥਾਨ ਦੀ ਉਸਾਰੀ ਸ਼ੁਰੂ ਕੀਤੇ ਜਾਣ ਖ਼ਿਲਾਫ਼ ਪੰਚਾਇਤ ਨੇ ਅਦਾਲਤ ਤੋਂ ਸਟੇਟਸ-ਕੋਅ ਦੇ ਆਰਡਰ ਪ੍ਰਾਪਤ ਕਰ ਲਏ ਸਨ, ਜਿਸ ਤੋਂ ਖ਼ਫ਼ਾ ਪਿੰਡ ਦੀਆਂ ਚਾਰ ਬੀਬੀਆਂ ਦੋ ਦਿਨਾਂ ਤੋਂ ਵਾਟਰ ਵਰਕਸ ’ਤੇ ਚੜ੍ਹੀਆਂ ਹੋਈਆਂ ਸਨ। ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਤੇ ਐੱਸਐੱਚਓ ਯਾਦਵਿੰਦਰ ਸਿੰਘ ਵੱਲੋਂ ਪਿੰਡ ਦੇ ਦੋਵੇਂ ਧੜਿਆਂ ਨਾਲ ਬੀਤੀ ਕੱਲ੍ਹ ਦੁਪਹਿਰ ਤੋਂ ਦੇਰ ਰਾਤ ਤੱਕ ਚੱਲੀ ਲੰਬੀ ਮੀਟਿੰਗ ਦੌਰਾਨ ਆਖ਼ਰ ਅਧਿਕਾਰੀਆਂ ਨੇ ਆਪਣੀ ਸੂਝ-ਬੂਝ ਨਾਲ ਦੋਹਾਂ ਧਿਰਾਂ ਨੂੰ ਇਸ ਗੱਲ ’ਤੇ ਸਹਿਮਤ ਕਰ ਲਿਆ ਕਿ ਹੁਣ ਦਲਿਤ ਭਾਈਚਾਰਾ ਹੱਡੀਰੋੜੀ ਲਈ ਕੱਟੀ ਜਗ੍ਹਾ ਦੀ ਥਾਂ ਐੱਸਸੀ ਭਾਈਚਾਰਾ ਸ਼ਮਸ਼ਾਨਘਾਟ ਲਈ ਅਲਾਟ ਹੋਈ 6 ਵਿੱਘੇ 5 ਵਿੱਸਵੇ ਜਗ੍ਹਾ ਨੂੰ ਕਿਸੇ ਵੀ ਮੰਤਵ ਲਈ ਵਰਤ ਸਕੇਗਾ। ਬੀਡੀਪੀਓ ਜੁਗਰਾਜ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਪੂਰੀ ਤਰ੍ਹਾਂ ਸਹਿਮਤ ਹੋਣ ਮਗਰੋਂ ਦੇਰ ਰਾਤ ਵਾਟਰ ਵਰਕਸ ’ਤੇ ਚੜ੍ਹੀਆਂ ਚਾਰੋਂ ਬੀਬੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਸੀ। ਉਪਰੰਤ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੈ। ਦਲਿਤ ਭਾਈਚਾਰੇ ਦੀ ਧਿਰ ਨਾਲ ਸਬੰਧਤ ਗ੍ਰੰਥੀ ਇੰਦਰਜੀਤ ਸਿੰਘ ਨੇ ਸਮਝੌਤੇ ਦੀ ਪੁਸ਼ਟੀ ਕੀਤੀ ਪਰ ਮੀਟਿੰਗ ਵਿੱਚ ਹੋਣ ਕਾਰਨ ਵਿਸਥਾਰ ’ਚ ਗੱਲ ਕਰਨ ਤੋਂ ਅਸਮਰੱਥਾ ਜਤਾਈ। ਪੰਚਾਇਤ ਵੱਲੋਂ ਮੋਹਰੀ ਸਾਬਕਾ ਸਰਪੰਚ ਪਵਨ ਕੁਮਾਰ ਨੇ ਦੱਸਿਆ ਕਿ ਮਾਮਲਾ ਨਿਪਟ ਗਿਆ ਹੈ ਜਿਸ ਤਹਿਤ ਹੱਡਾਰੋੜੀ ਵਾਲਾ ਸਥਾਨ ਕਬਜ਼ਾਮੁਕਤ ਹੋਣ ਮਗਰੋਂ ਉਹ ਅਦਾਲਤੀ ਕੇਸ ਵਾਪਸ ਲੈਣ ਲਈ ਵਚਨਬੱਧ ਹਨ।