ਬਲਜੀਤ ਸਿੰਘ
ਸਰਦੂਲਗੜ੍ਹ 18 ਅਕਤੂਬਰ
ਸਿਵਲ ਹਸਪਤਾਲ ਸਰਦੂਲਗੜ੍ਹ ਦੀ ਚਾਰਦੀਵਾਰੀ ’ਚੋਂ ਗੈਰ-ਕਾਨੂੰਨੀ ਰਾਹ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਸ਼ਹਿਰ ਵਾਸੀਆਂ ਜਿਨ੍ਹਾਂ ਦੇ ਘਰ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਨਾਲ ਲੱਗਦੇ ਹਨ, ਇਨ੍ਹਾਂ ਘਰਾਂ ’ਚ ਰਹਿਣ ਵਾਲੇ ਤਕਰੀਬਨ ਚਾਰ-ਪੰਜ ਪਰਿਵਾਰਾਂ ਵੱਲੋਂ ਸਿਵਲ ਹਸਪਤਾਲ ਦੀ ਚਾਰਦੀਵਾਰੀ ਤੋੜ ਕੇ ਆਪਣੇ ਨਿੱਜੀ ਗੇਟ ਹਸਪਤਾਲ ਵੱਲ ਕੱਢ ਰੱਖੇ ਹਨ। ਜਿੱਥੋਂ ਦੀ ਇਨ੍ਹਾਂ ਪਰਿਵਾਰਾਂ ਦਾ ਆਉਣਾ ਜਾਣਾ ਹਸਪਤਾਲ ਵਿਚ ਬਣਿਆ ਰਹਿੰਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਇਨ੍ਹਾਂ ਨਾਜਾਇਜ਼ ਕੱਢੇ ਗਏ ਦਰਵਾਜ਼ਿਆਂ ਅਤੇ ਗੇਟਾਂ ਸਬੰਧੀ ਇਨ੍ਹਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਕੂੜਾ-ਕਰਕਟ ਵੀ ਹਸਪਤਾਲ ਵਿੱਚ ਸੁੱਟਦੇ ਹਨ। ਇਕ ਵਿਅਕਤੀ ਵੱਲੋਂ ਹਸਪਤਾਲ ਦੇ ਇਕ ਪਾਸੇ ਤੋਂ ਕੰਧ ਤੋੜ ਕੇ ਆਪਣੀ ਦਵਾਈਆਂ ਦੀ ਦੁਕਾਨ ਦਾ ਗੇਟ ਹਸਪਤਾਲ ਵੱਲ ਕੱਢ ਲਿਆ ਗਿਆ ਹੈ ਜੋ ਕਿ ਗ਼ੈਰਕਾਨੂੰਨੀ ਹੈ। ਇਸ ਦੁਕਾਨ ਦੇ ਨਾਲ ਲੱਗਦੀ ਗਲੀ ਵਾਲੇ ਲੋਕਾਂ ਨੇ ਕੰਧ ਤੋੜ ਕੇ ਇੱਥੋਂ ਦੇ ਹਸਪਤਾਲ ਵਿਚ ਆਉਣ ਦਾ ਗ਼ੈਰਕਾਨੂੰਨੀ ਰਸਤਾ ਬਣਾਇਆ ਹੋਇਆ ਹੈ। ਹਸਪਤਾਲ ਵਿਚ ਇਲਾਜ ਲਈ ਆਉਂਦੇ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿਗੈਰਕਾਨੂੰਨੀ ਰਸਤੇ ਤੁਰੰਤ ਬੰਦ ਕਰਵਾਏ ਜਾਣਗੇ। ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਹਸਪਤਾਲ ਦੀ ਕੰਧ ਤੋੜ ਕੇ ਜੋ ਗੇਟ ਕੱਢੇ ਗਏ ਹਨ ਉਨ੍ਹਾਂ ਨੂੰ ਗੇਟ ਬੰਦ ਕਰਨ ਲਈ ਨੋਟਿਸ ਭੇਜਿਆ ਜਾ ਚੁੱਕਿਆ ਹੈ ਜੇਕਰ ਉਨ੍ਹਾਂ ਗੇਟ ਬੰਦ ਨਾ ਕੀਤੇ ਤਾਂ ਕਾਨੂੰਨ ਦਾ ਸਹਾਰਾ ਲੈ ਕੇ ਗੇਟ ਬੰਦ ਕਰਵਾ ਦਿੱਤੇ ਜਾਣਗੇ।