ਪੱਤਰ ਪ੍ਰੇਰਕ
ਤਰਨ ਤਾਰਨ, 18 ਅਕਤੂਬਰ
ਸਫ਼ਾਈ ਸੇਵਕ ਯੂਨੀਅਨ, ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਤਿੰਨ ਤੋਂ ਲੈ ਕੇ ਚਾਰ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦੇ ਜਾਰੀ ਕੀਤੇ ਜਾਣ ਤੋਂ ਇਲਾਵਾ ਆਪਣੀਆਂ ਹੋਰਨਾਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਦੇ ਕੰਪਲੈਕਸ ਵਿੱਚ ਇਕ ਰੋਸ ਵਿਖਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਦਿੱਤਾ| ਰੋਸ ਵਿਖਾਵੇ ਵਿੱਚ ਸਫ਼ਾਈ ਸੇਵਕਾਂ ਤੋਂ ਇਲਾਵਾ ਸੀਵਰਮੈਨਾਂ, ਮਾਲੀ ਆਦਿ ਦਰਜਾ ਚਾਰ ਮੁਲਾਜ਼ਮਾਂ ਨੇ ਵੀ ਭਾਗ ਲਿਆ| ਇਸ ਮੌਕੇ ਸਫ਼ਾਈ ਸੇਵਕਾਂ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿਲ ਨੇ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਮੁਲਾਜ਼ਮਾਂ ਦੀਆਂ ਬੀਤੇ ਕਈ ਮਹੀਨਿਆਂ ਤੋਂ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਤੁਰੰਤ ਜਾਰੀ ਕੀਤੇ ਜਾਣ, ਇਕ ਸਾਲ ਵਿੱਚ ਦੋ ਵਰਦੀਆਂ ਦੇਣ, ਸਾਲਾਂ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਈਪੀਐੱਫ਼ ਦੀ ਕੀਤੀ ਜਾਂਦੀ ਰਹੀ ਕਟੌਤੀ ਦੇ ਪੈਸੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਆਦਿ ਦੀ ਮੰਗ ਕੀਤੀ ਗਈ|
ਜਥੇਬੰਦੀ ਦੇ ਆਗੂ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਸਾਲਾਂ ਤੋਂ ਨਗਰ ਕੌਂਸਲ ਦਾ ਕੰਮ ਕਰਦੇ ਰਹਿਣ ਵਾਲੇ ਕੰਮਾਂ ਤੋਂ ਹਟਾਏ ਮੁਲਾਜ਼ਮਾਂ ਨੂੰ ਫਿਰ ਤੋਂ ਕੰਮ ਦੇਣ ਦੀ ਵੀ ਮੰਗ ਕੀਤੀ| ਉਨ੍ਹਾਂ ਨਗਰ ਕੌਂਸਲ ਦੇ ਠੇਕਾ ਆਧਾਰ ’ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ’ਤੇ ਵੀ ਜ਼ੋਰ ਦਿੱਤਾ।