ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
ਪ੍ਰੇਮ ਸਬੰਧਾਂ ਕਾਰਨ ਵੇਰਕਾ ਕਸਬੇ ਵਿੱਚ ਮੌਤ ਦਾ ਸ਼ਿਕਾਰ ਬਣੇ ਜਗਤਾਰ ਸਿੰਘ ਦੇ ਮਾਮਲੇ ਵਿੱਚ ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧ ਵਿੱਚ ਲੜਕੀ ਸ਼ੈਲੀ ਤੇ ਉਸ ਦੇ ਭਰਾ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੇਰਕਾ ਥਾਣੇ ਦੀ ਪੁਲੀਸ ਨੇ ਇਹ ਕੇਸ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸ਼ੈਲੀ ਤੇ ਉਸ ਦੇ ਦੋ ਭਰਾਵਾਂ ਰਵੀ ਅਤੇ ਅਸ਼ਵਨੀ ਖਿਲਾਫ਼ ਆਈਪੀਸੀ ਦੀ ਧਾਰਾ 302 ਅਤੇ 34ਹੇਠ ਕੇਸ ਦਰਜ ਕੀਤਾ ਹੈ । ਫਿਲਹਾਲ ਇਸ ਮਾਮਲੇ ਵਿੱਚ ਅਸ਼ਵਨੀ ਫ਼ਰਾਰ ਹੈ।
ਪੁਲੀਸ ਨੂੰ ਦਿੱਤੇ ਬਿਆਨ ਵਿੱਚ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਗਤਾਰ ਸਿੰਘ ਵਿਆਹਿਆ ਹੋਇਆ ਹੈ । ਉਹ 3 ਅਗਸਤ ਨੂੰ ਲੁਧਿਆਣਾ ਵਿਖੇ ਆਪਣੇ ਕੰਮ ’ਤੇ ਗਿਆ ਸੀ ਅਤੇ ਸ਼ਾਮ ਨੂੰ ਘਰ ਪਰਤ ਆਇਆ ਸੀ । ਰਾਤ ਦਾ ਭੋਜਨ ਕਰਨ ਮਗਰੋਂ ਜਦੋਂ ਪਰਿਵਾਰ ਸੌਣ ਲੱਗਾ ਤਾਂ ਦਸ ਵਜੇ ਬਾਅਦ ਉਸ ਦਾ ਬੇਟਾ ਫੋਨ ਕਰਦਾ ਹੋਇਆ ਘਰੋਂ ਬਾਹਰ ਗਿਆ ਅਤੇ ਮੁੜ ਦੇਰ ਰਾਤ ਤੱਕ ਵਾਪਸ ਨਹੀ ਆਇਆ। ਸਵੇਰੇ ਉਹ ਆਪਣੇ ਦੋ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਲੜਕੀ ਸ਼ੈਲੀ ਦੇ ਘਰ ਗਿਆ ਅਤੇ ਉੱਥੇ ਜਾ ਕੇ ਪਤਾ ਲੱਗਾ ਕਿ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।