ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਧਰਨੇ-ਪ੍ਰਦਰਸ਼ਨ ਲਗਾਤਾਰ ਜਾਰੀ ਹਨ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਕਾਨੂੰਨਾਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਤੇ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰੈੱਸ ਸਕੱਤਰ ਪੰਜਾਬ ਗੁਰਵਿੰਦਰ ਸਿੰਘ ਕੂੰਮਕਲਾਂ ਤੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿਨ-ਰਾਤ ਕੇਂਦਰ ਸਰਕਾਰ ਵਿਰੁੱਧ ਲੜਾਈ ਲੜ ਰਿਹਾ ਹੈ ਅਤੇ ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਦੇ ਬਾਵਜੂਦ ਕਿਸਾਨ ਆਪਣੀ ਫ਼ਸਲ ਸਾਂਭਣ ਦੇ ਨਾਲ-ਨਾਲ ਰੋਸ ਪ੍ਰਦਰਸ਼ਨਾਂ ’ਚ ਵੀ ਖੁੱਲ੍ਹ ਕੇ ਹਿੱਸਾ ਲੈ ਰਿਹਾ ਹੈ ਕਿਉਂਕਿ ਕਿਸਾਨ ਸਮਝ ਚੁੱਕੇ ਹਨ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਵੱਲੋਂ ਕਿਸਾਨੀ ਅੰਦੋਲਨ ਨੂੰ ਵਿਚੋਲਿਆਂ ਦੁਆਰਾ ਚਲਾਇਆ ਅੰਦੋਲਨ ਕਹਿਣਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਵਹਿਮ ਤੋੜਨ ਲਈ ਛੇਤੀ ਹੀ ਸਾਰੇ ਦੇਸ਼ ਦਾ ਕਿਸਾਨ ਇਕਜੁੱਟ ਹੋ ਕੇ ਦਿੱਲੀ ਨੂੰ ਘੇਰਾ ਪਾਵੇਗਾ ਅਤੇ ਹੰਕਾਰੀ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਵਾਏਗਾ।
ਕਿਸਾਨ ਨੇ ਰੇਲਵੇ ਟਰੈਕ ਤੋਂ ਹਟਾ ਕੇ ਪਲੇਟਫ਼ਾਰਮ ’ਤੇ ਲਾਇਆ ਧਰਨਾ
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ’ਤੇ ਅੱਜ 20ਵੇਂ ਦਿਨ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੇ ਆਪਣਾ ਧਰਨਾ ਰੇਲਵੇ ਟਰੈਕ ਤੋਂ ਚੁੱਕ ਕੇ ਪਲੇਟਫ਼ਾਰਮ ’ਤੇ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਰੇਲਵੇ ਟਰੈਕ ਦੀ ਥਾਂ ਪਲੇਟਫਾਰਮਾਂ ’ਤੇ 4 ਨਵੰਬਰ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ, ਉਪਰੰਤ 5 ਨੂੰ ਭਾਰਤ ਬੰਦ ਦੇ ਸੱਦੇ ’ਤੇ ਕਿਸਾਨ ਵੱਧ ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਦਸਹਿਰੇ ਵਾਲੇ ਦਿਨ ਕਿਸਾਨਾਂ ਵੱਲੋਂ ਰਾਵਣ ਰੂਪੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਪਿੰਡਾਂ ਵਿੱਚ ਔਰਤਾਂ ਦੀ ਲਾਮਬੰਦੀ ਸ਼ੁਰੂ਼
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਅੱਜ 23ਵੇਂ ਦਿਨ ਰੇਲਵੇ ਪਲੇਟਫਾਰਮ ’ਤੇ ਲੱਗੇ ਧਰਨੇ ਦੀ ਸ਼ੁਰੂਆਤ ਸਮੇਂ ਕਿਸਾਨ ਆਗੂ ਬੂਟਾ ਸਿੰਘ ਚੱਕਰ ਦੇ ਭਰਾ ਗੁਰਚਰਨ ਸਿੰਘ ਦੇ ਵਿਛੋੜੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ੋਕ ਮਤਾ ਪਾਸ ਕੀਤਾ। ਉਪਰੰਤ ਹਰਦੀਪ ਗਾਲਬਿ, ਜਸਦੇਵ ਲਲਤੋਂ, ਜਗਦੀਸ਼ ਸਿੰਘ ਆਦਿ ਆਗੂਆਂ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਆਪਣੀਆਂ ਆਪ ਹੁੱਦਰੀਆਂ ਸੌੜੀਆਂ ਨੀਤੀਆਂ ਅਪਣਾ ਕੇ ਪੰਜਾਬ ਦੇ ਕਿਸਾਨਾਂ ਦਾ ਸਬਰ ਪਰਖਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਧਰਨੇ ’ਚ ਵੱਡੀ ਸ਼ਮੂਲੀਅਤ ਲਈ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਚੌਕੀਮਾਨ ਟੌਲ ਪਲਾਜ਼ਾ ਅਤੇ ਰਿਲਾਇੰਸ ਪੰਪ ਅਲੀਗੜ੍ਹ ’ਤੇ ਵੀ ਨੌਜਵਾਨ ਕਿਸਾਨ 23ਵੇਂ ਦਿਨ ਧਰਨੇ ’ਤੇ ਡੱਟ ਹੋਏ ਹਨ।