ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ
ਕਈ ਦਿਨਾਂ ਦੀ ਉਡੀਕ ਮਗਰੋਂ ਆਖ਼ਰਕਾਰ ਮੌਨਸੂਨ ਨੇ ਅੱਜ ਦਿੱਲੀ-ਐੱਨਸੀਆਰ ’ਚ ਦਸਤਕ ਦਿੱਤੀ ਤੇ ਸਵੇਰੇ ਤੋਂ ਹੀ ਜ਼ੋਰਦਾਰ ਮੀਂਹ ਪਿਆ। ਪਾਰਾ ਡਿੱਗਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਦੂਜੇ ਪਾਸੇ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਸੜਕ ਤੇ ਹਵਾਈ ਆਵਾਜਾਈ ਵਿੱਚ ਰੁਕਾਵਟ ਆਈ, ਇਸ ਕਾਰਨ ਅਧਿਕਾਰੀਆਂ ਨੂੰ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਸ਼ਹਿਰ ਦੀਆਂ ਕਈ ਸੜਕਾਂ/ ਗਲੀਆਂ ਮੀਂਹ ਨਾਲ ਡੁੱਬ ਗਈਆਂ ਤੇ ਸਵੇਰ ਦੇ ਭੀੜ-ਭੜੱਕੇ ਦੇ ਸਮੇਂ ਦੌਰਾਨ ਕੈਲਾਸ਼ ਦੇ ਪੂਰਬ, ਬੁਰਾੜੀ, ਸ਼ਾਹਦਰਾ, ਪੜਪੜਗੰਜ, ਆਈਟੀਓ ਕਰਾਸਿੰਗ, ਇੰਡੀਆ ਗੇਟ, ਬਾਰਾਪੁੱਲਾ, ਰਿੰਗ ਰੋਡ, ਦਿੱਲੀ-ਨੋਇਡਾ ਸਰਹੱਦ ਅਤੇ ਦਿੱਲੀ-ਗੁੜਗਾਓਂ ਹਾਈਵੇਅ ’ਤੇ ਟ੍ਰੈਫਿਕ ਜਾਮ ਦੀ ਸੂਚਨਾ ਦਿੱਤੀ ਗਈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਮੀਂਹ ਪਿਆ ਤੇ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਦੇ ਕਈ ਹਿੱਸਿਆਂ ਵਿਸ਼ੇਸ਼ ਤੌਰ ’ਤੇ ਦਿੱਲੀ-ਨੋਇਡਾ ਸਰਹੱਦ, ਚਿੱਲਾ ਬਾਰਡਰ, ਯੂਪੀ ਗੇਟ, ਦਿੱਲੀ-ਗੁਰੂਗ੍ਰਾਮ ਸੜਕ ’ਤੇ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪਿਆ। ਪ੍ਰਗਤੀ ਮੈਦਾਨ, ਵਿਨੋਦ ਨਗਰ ਨੇੜੇ ਦਿੱਲੀ-ਮੇਰਠ ਐਕਸਪ੍ਰੈਸਵੇਅ, ਪੁਲ ਪ੍ਰਹਿਲਾਦਪੁਰ ਅੰਡਰਪਾਸ, ਡਬਲਯੂਐਚਓ ਬਿਲਡਿੰਗ ਦੇ ਸਾਹਮਣੇ ਆਈਪੀ ਅਸਟੇਟ, ਜ਼ਖੀਰਾ ਫਲਾਈਓਵਰ ਦੇ ਹੇਠਾਂ, ਜਹਾਂਗੀਰਪੁਰੀ ਮੈਟਰੋ ਸਟੇਸ਼ਨ, ਲੋਨੀ ਰੋਡ ਚੌਕ ਤੇ ਆਜ਼ਾਦਪੁਰ ਮਾਰਕੀਟ ਅੰਡਰਪਾਸ ਨੇੜੇ ਪਾਣੀ ਭਰਨ ਦੀ ਸੂਚਨਾ ਮਿਲੀ ਹੈ।
ਇਸ ਦੌਰਾਨ ਦਿੱਲੀ ਟ੍ਰੈਫਿਕ ਪੁਲੀਸ ਨੇ ਯਾਤਰੀਆਂ ਲਈ ਇੱਕ ਟ੍ਰੈਫਿਕ ਅਡਵਾਈਜ਼ਰੀ ਜਾਰੀ ਕੀਤੀ। ਆਈਐੱਮਡੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟ੍ਰੈਫਿਕ ਪੁਲੀਸ ਨੇ ਕਿਹਾ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ ਨਾਲ ਤੂਫਾਨ ਪੂਰੀ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਵੇਗਾ। ਟ੍ਰੈਫਿਕ ਪੁਲੀਸ ਨੇ ਇੱਕ ਟਵੀਟ ਵਿੱਚ ਕਿਹਾ, ‘ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਉਸੇ ਪੂਰਵ ਅਨੁਮਾਨ ਅਨੁਸਾਰ ਬਣਾਉਣ’ ਆਈਐੱਮਡੀ ਨੇ ਸ਼ਹਿਰ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਆਉਣ ਦੀ ਪੁਸ਼ਟੀ ਕੀਤੀ ਤੇ ਵੀਰਵਾਰ ਨੂੰ ਭਾਰੀ ਮੀਂਹ ਤੇ ਸ਼ੁੱਕਰਵਾਰ ਨੂੰ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ। ਮਾਹਰਾਂ ਅਨੁਸਾਰ ਮੌਨਸੂਨ ਦੇ ਪਹਿਲੇ 10 ਦਿਨਾਂ ਵਿੱਚ ਸ਼ਾਨਦਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਦਿੱਲੀ ਵਿੱਚ ਬਾਰਿਸ਼ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਸ਼ਹਿਰ ਵਿੱਚ 1 ਜੂਨ ਤੋਂ ਹੁਣ ਤੱਕ ਆਮ 66.7 ਮਿਲੀਮੀਟਰ ਦੇ ਮੁਕਾਬਲੇ ਸਿਰਫ 24.5 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਅੰਕੜੇ ਜੂਨ ਦੇ ਤੀਜੇ ਹਫ਼ਤੇ 16 ਤੋਂ 20 ਜੂਨ ਤੱਕ ਇਕੱਠੇ ਕੀਤੇ ਗਏ ਸਨ। ਅੱਜ ਦਿੱਲੀ-ਐੱਨਸੀਆਰ ਵਿੱਚ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਹੋਣ ਜਾਂ ਮੋੜਨ ਕਾਰਨ ਹਵਾਈ ਆਵਾਜਾਈ ਵਿੱਚ ਵੀ ਵਿਘਨ ਪਿਆ। ਅਧਿਕਾਰੀਆਂ ਤੋਂ ਮਿਲੀ ਜਾਣਾਕਰੀ ਅਨੁਸਾਰ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਦਿੱਲੀ ਜਾਣ ਵਾਲੇ ਦੋ ਜਹਾਜ਼ਾਂ ਨੂੰ ਮੋੜ ਦਿੱਤਾ ਗਿਆ। ਇੱਕ ਏਅਰ ਇੰਡੀਆ ਦੀ ਅੰਮ੍ਰਿਤਸਰ ਜਾਣ ਵਾਲੀ ਉਡਾਣ ਅਤੇ ਇੱਕ ਇੰਡੀਗੋ ਦੀ ਉਡਾਣ ਨੂੰ ਜੈਪੁਰ ਦੇ ਰਸਤੇ ਭੇਜਿਆ ਗਿਆ। ਕਈ ਹੋਰ ਉਡਾਣਾਂ ਨੂੰ ਮੁੜ-ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਏਅਰਲਾਈਨਾਂ ਨੇ ਯਾਤਰੀਆਂ ਨੂੰ ਫਲਾਈਟ ਸਥਿਤੀ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ। ਸਪਾਈਸਜੈੱਟ ਨੇ ਉਡਾਣਾਂ ਦੀ ਸਥਿਤੀ ’ਤੇ ਟਵੀਟ ਕੀਤਾ ਹੈ।
ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ
ਫਰੀਦਾਬਾਦ(ਕੁਲਵਿੰਦਰ ਕੌਰ ਦਿਓਲ): ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਬੱਲਭਗੜ੍ਹ ਤੇ ਪਲਵਲ ਸਮੇਤ ਹੋਰ ਇਲਾਕਿਆਂ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨੇ ਛਹਬਿਰ ਲਾਈ ਤੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਈ। ਐੱਨਸੀਆਰ ਦੇ ਪੇਂਡੂ ਇਲਾਕਿਆਂ ਵਿੱਚ ਝੋਨਾ ਲਾਉਣ ਦਾ ਕੰਮ ਵੀ ਇਸ ਮੀਂਹ ਨਾਲ ਤੇਜ਼ੀ ਫੜ ਗਿਆ। ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ ਤੇ ਪਿਆਸੀ ਧਰਤੀ ਨੂੰ ਪਾਣੀ ਮਿਲਿਆ।
ਫਰੀਦਾਬਾਦ ਦੇ ਸਨਅਤੀ ਇਲਾਕੇ ਸੈਕਟਰ-24, 25 ਤੇ ਇੰਡਸਟਰੀਅਲ ਖੇਤਰ (ਐਨਆਈਟੀ) ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਉਨ੍ਹਾਂ ਸੜਕਾਂ ਉਪਰ ਜ਼ਿਆਦਾ ਬੁਰੀ ਹਾਲਤ ਹੋਈ ਜੋ ਅਜੇ ਬਣ ਹੀ ਰਹੀਆਂ ਹਨ ਕਿਉਂਕਿ ਪ੍ਰਸ਼ਾਸਨ ਦੀ ਸੁਸਤ ਰਫ਼ਤਾਰ ਕਾਰਨ ਨਿਰਮਾਣ ਕਾਰਜ ਢਿੱਲੇ ਚੱਲ ਰਹੇ ਹਨ।
ਐਨਆਈਟੀ ਦੇ ਨੰਬਰ 1, 2, 3 ਤੇ 5 ਸਮੇਤ ਸੈਕਟਰ-14, 15, 16, 8,9,10 ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਆਈਆਂ। ਮੁੱਖ ਸੜਕਾਂ ਉੱਤੇ ਕਈ ਥਾਵਾਂ ਉਪਰ ਜਾਮ ਲੱਗੇ, ਨੀਲਮ ਪੁੱਲ, ਬਾਟਾ ਚੌਕ ਤੇ ਪੁਰਾਣਾ ਫਰੀਦਾਬਾਦ ਸਮੇਤ ਸੈਕਟਰ-29 ਦੇ ਚੌਕ ਉਪਰ ਗੱਡੀਆਂ ਦੀਆਂ ਕਤਾਰਾਂ ਲੱਗੀਆਂ।
ਗੁਰੂਗ੍ਰਾਮ ਦੇ ਬਸਈ ਚੌਕ ਨੇੜੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਜਾਮ ਵਿੱਚ ਫਸਣਾ ਪਿਆ। ਸਥਾਨਕ ਪੁਲੀਸ ਨੇ ਲੋਕਾਂ ਨੂੰ ਇਸ ਪਾਸੇ ਜਾਣ ਤੋਂ ਚੌਕਸ ਕੀਤਾ। ਸੈਕਟਰ-46 ਦੀ ਡਰੇਨ ਵਿੱਚੋਂ ਵੀ ਸਫ਼ਾਈ ਨਾ ਹੋਣ ਕਰ ਕੇ ਪਾਣੀ ਕੰਢਿਆਂ ਤੋਂ ਬਾਹਰ ਆ ਗਿਆ। ਸੈਕਟਰ 81 ਤੇ 92 ਵਿੱਚ ਵੀ ਇਹੀ ਹਾਲ ਸੀ। ਗੁਰੂਗ੍ਰਾਮ-ਦਿੱਲੀ ਹਾਈਵੇਅ ਉਪਰ ਭਾਰੀ ਟ੍ਰੈਫਿਕ ਜਾਮ ਲੱਗਾ ਤੇ ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਦੇਰੀ ਹੋਈ।
ਪਹਿਲੀ ਬਰਸਾਤ ਨੇ ਖੋਲ੍ਹੀ ਕੇਜਰੀਵਾਰ ਸਰਕਾਰ ਦੀ ਪੋਲ: ਕਾਂਗਰਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਤੇ ਦਿੱਲੀ ਨਗਰ ਨਿਗਮ ਵੱਲੋਂ ਪਾਣੀ ਭਰਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਦਾਅਵੇ ਮੌਨਸੂਨ ਦੀ ਪਹਿਲੀ ਬਾਰਸ਼ ’ਚ ਖੋਖਲੇ ਸਾਬਤ ਹੋਏ ਹਨ ਤੇ ਲੋਕ ਨਿਰਮਾਣ ਮੰਤਰੀ ਮਨੀਸ਼ ਸਿਸੋਦੀਆ ਨੇ ਖੁਦ ਨੇ ਮੰਨਿਆ ਹੈ ਕਿ ਦਿੱਲੀ ਵਿੱਚ ਕੂੜਾ ਕੱਢਣ ਦਾ ਕੰਮ ਪੂਰਾ ਨਾ ਹੋਣ ਕਾਰਨ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਦੀ ਭਾਰੀ ਬਾਰਿਸ਼ ਕਾਰਨ ਨਾ ਸਿਰਫ਼ ਦਿੱਲੀ ਬਲਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਨੇੜੇ ਵੀ ਪਾਣੀ ਭਰ ਗਿਆ ਤੇ ਟ੍ਰੈਫਿਕ ਜਾਮ ਹੋ ਗਿਆ ਅਤੇ ਆਈਟੀਓ ਵਿੱਚ ਪਾਣੀ ਭਰ ਜਾਣ ਕਾਰਨ ਘੰਟਿਆਂਬੱਧੀ ਆਵਾਜਾਈ ਵਿੱਚ ਵਿਘਨ ਪਿਆ।