ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਮਈ
ਪੰਜ ਦਿਨਾਂ ਤੋਂ ਫਲ ਅਤੇ ਸਬਜ਼ੀਆਂ ਨੂੰ ਤਰਸਦੇ ਰਾਏਕੋਟ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਅੱਜ ਬਾਅਦ ਦੁਪਹਿਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਮੰਡੀ ਵਿਚ ਗੱਡੀਆਂ ਦੇ ਦਾਖ਼ਲੇ ਉੱਪਰ ਕੀਤੀ ਜਾ ਰਹੀ ਉਗਰਾਹੀ ਆਰਜ਼ੀ ਤੌਰ ‘ਤੇ ਰੋਕ ਦੇਣ ਦਾ ਐਲਾਨ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਫਲ-ਸਬਜ਼ੀ ਵਿਕ੍ਰੇਤਾਵਾਂ ਨੇ ਵੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ, ਸਬਜ਼ੀ ਅਤੇ ਫਲਾਂ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਇਸ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਚਾਰ ਦਿਨ ਦੀ ਜੱਦੋ-ਜਹਿਦ ਬਾਅਦ ਜਦੋਂ ਹੜਤਾਲੀ ਵਰਕਰਾਂ ਨੇ ਪੰਜਵੇਂ ਦਿਨ ਸਬਜ਼ੀ ਮੰਡੀ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਸ਼ਹਿਰ ਦੇ ਹਰੀ ਸਿੰਘ ਨਲੂਆ ਚੌਕ ਵਿਚ ਲੁਧਿਆਣਾ-ਬਠਿੰਡਾ ਰਾਜ ਮਾਰਗ ਸਮੇਤ ਜਲੰਧਰ ਤੋਂ ਪਟਿਆਲਾ ਜਾਣ ਵਾਲੀ ਆਵਾਜਾਈ ਵੀ ਠੱਪ ਕਰ ਦਿੱਤੀ ਤਾਂ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐੱਸਪੀ ਰਾਏਕੋਟ ਰਾਜਵਿੰਦਰ ਸਿੰਘ ਰੰਧਾਵਾ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਮਾਰਕੀਟ ਕਮੇਟੀ ਰਾਏਕੋਟ ਦੇ ਸਕੱਤਰ ਜਸਮੀਤ ਸਿੰਘ ਬਰਾੜ ਨੇ ਧਰਨਾ ਸਥਾਨ ਉੱਪਰ ਪਹੁੰਚ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਆੜੇ ਦੀ ਜੜ੍ਹ ਬਣੀ ਇਸ ਉਗਰਾਹੀ ਖ਼ਿਲਾਫ਼ ਉਹ ਸਰਕਾਰ ਨੂੰ ਪੱਤਰ ਲਿਖਣਗੇ ਅਤੇ ਸਰਕਾਰ ਦੇ ਅਗਲੇ ਹੁਕਮ ਤੱਕ ਉਗਰਾਹੀ ਆਰਜ਼ੀ ਤੌਰ ’ਤੇ ਰੁਕੀ ਰਹੇਗੀ। ਧਰਨਾਕਾਰੀਆਂ ਨੂੰ ਆੜ੍ਹਤੀ ਆਗੂ ਰਾਜ ਕੁਮਾਰ, ਰੇਹੜੀ-ਫੜ੍ਹੀ ਯੂਨੀਅਨ ਦੇ ਆਗੂ ਵਿਜੇ ਕੁਮਾਰ, ਗੋਮਤੀ ਪ੍ਰਸ਼ਾਦ, ਸੀਟੂ ਆਗੂ ਕਰਮਜੀਤ ਸਨੀ, ਨਗਰ ਕੌਂਸਲ ਮੁਲਾਜ਼ਮਾਂ ਦੇ ਆਗੂ ਬੌਬੀ ਗਿੱਲ, ਸੀਟੂ ਦੇ ਤਹਿਸੀਲ ਸਕੱਤਰ ਰਾਜ ਜਸਵੰਤ ਸਿੰਘ ਤਲਵੰਡੀ ਅਤੇ ਰੁਲਦਾ ਸਿੰਘ ਗੋਬਿੰਦਗੜ੍ਹ ਨੇ ਵੀ ਸੰਬੋਧਨ ਕੀਤਾ।