ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਵੱਲ ਧਿਆਨ ਦੇਣ ਅਤੇ ਵਾਈਸ ਚਾਂਸਲਰ ਸਮੇਤ ਸਾਰੀਆਂ ਪ੍ਰਸ਼ਾਸਕੀ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਸੱਖਣੀ ਹੈ। ਇਸ ਤੋਂ ਇਲਾਵਾ ਹੋਰ ਕਈ ਪ੍ਰਸ਼ਾਸਕੀ ਅਹੁਦਿਆਂ ’ਚ ਨਿਰਦੇਸ਼ਕ ਖੋਜ, ਨਿਰਦੇਸ਼ਕ ਪਸਾਰ ਸਿੱਖਿਆ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡੀਨ ਖੇਤੀਬਾੜੀ ਕਾਲਜ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਰਜਿਸਟਰਾਰ ਆਦਿ ਉੱਪਰ ਵੀ ਕਥਿਤ ਤੌਰ ’ਤੇ ਪੱਕੀ ਨਿਯੁਕਤੀ ਦੀ ਅਣਹੋਂਦ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਭਾਗਾਂ ਦੇ ਮੁਖੀਆਂ ਦਾ ਕਾਰਜ ਵੀ ਆਰਜ਼ੀ ਪ੍ਰਬੰਧ ਨਾਲ ਚਲਾਇਆ ਜਾ ਰਿਹਾ ਹੈ। ਇਸ ਸਥਿਤੀ ਵਿੱਚ ਯੂਨੀਵਰਸਿਟੀ ਦਾ ਕੰਮ-ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਰੀਬ ਇੱਕ ਸਾਲ ਤੋਂ ਬਿਨਾਂ ਉਪ-ਕੁਲਪਤੀ ਹੋਣ ਕਾਰਨ ਯੂਨੀਵਰਸਿਟੀ ਦਾ ਪ੍ਰਭਾਵ ਵੀ ਦਿਸ਼ਾਹੀਣ ਸੰਸਥਾ ਵਾਲਾ ਹੋਇਆ ਹੈ। ਕਰੀਅਰ ਐਡਵਾਂਸਮੈਂਟ ਸਕੀਮ ਤਹਿਤ ਅਧਿਆਪਕਾਂ ਦੀਆਂ ਤਰੱਕੀਆਂ ਪਿਛਲੇ ਇੱਕ ਸਾਲ ਤੋਂ ਨਹੀਂ ਹੋਈਆਂ ਜਦਕਿ ਆਮ ਤਰੱਕੀਆਂ ਦੇ ਕੇਸ 5-6 ਸਾਲਾਂ ਤੋਂ ਅਧੂਰੇ ਪਏ ਹਨ। ਐਸੋਸੀਏਸ਼ਨ ਨੇ ਸਰਕਾਰ ਤੋਂ ਫੌਰੀ ਤੌਰ ’ਤੇ ਵਾਈਸ ਚਾਂਸਲਰ ਦੀ ਪੱਕੀ ਨਿਯੁਕਤੀ ਦੀ ਮੰਗ ਕੀਤੀ ਹੈ।