ਸ਼ਗਨ ਕਟਾਰੀਆ
ਜੈਤੋ, 15 ਜਨਵਰੀ
ਕਾਂਗਰਸ ਵੱਲੋਂ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਫ਼ਰੀਦਕੋਟ ਜ਼ਿਲ੍ਹੇ ਵਿਚਲੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਕੇਵਲ ਫ਼ਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਟਿਕਟ ਮਿਲੀ ਹੈ, ਜਦ ਕਿ ਕੋਟਕਪੂਰਾ ਅਤੇ ਜੈਤੋ ਹਲਕਿਆਂ ’ਚ ਉਮੀਦਵਾਰ ਨਹੀਂ ਉਤਾਰੇ ਗਏ।
ਜੈਤੋ (ਰਾਖ਼ਵੇਂ) ਹਲਕੇ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਧੀ ਜਾਵੇਦ ਅਖ਼ਤਰ ਅਤੇ ਕੁਸ਼ਲਦੀਪ ਢਿੱਲੋਂ ਦੇ ਖਾਸ ਬਲਵਿੰਦਰ ਸਿੰਘ (ਲਵਲੀ ਭੱਟੀ) ਪ੍ਰਮੁੱਖ ਦਾਅਵੇਦਾਰਾਂ ਦੀ ਗਿਣਤੀ ਵਿੱਚ ਆਉਂਦੇ ਸਨ। ਇਨ੍ਹਾਂ ਤੋਂ ਇਲਾਵਾ ਨੌਜਵਾਨ ਆਗੂ ਗੁਰਸੇਵਕ ਸਿੰਘ ਜੈਤੋ, ਡੀਸਰ ਸੂਰਘੂਰੀ, ਸਾਬਕਾ ਪੁਲੀਸ ਅਧਿਕਾਰੀ ਰਜਿੰਦਰ ਸਿੰਘ ਦੇ ਨਾਵਾਂ ਦੀ ਚਰਚਾ ਵੀ ਜਾਰੀ ਸੀ। ਮਲੋਟ (ਰਾਖ਼ਵੇਂ) ਹਲਕੇ ਤੋਂ ਜਿੱਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਫ਼ਿਰੋਜ਼ਪੁਰ (ਦਿਹਾਤੀ) ਤੇ ਵਿਧਾਇਕਾ ਸਤਿਕਾਰ ਕੌਰ ਨੂੰ ਟਿਕਟ ਨਾ ਅੱਜ ਟਿਕਟ ਨਾ ਮਿਲਣ ਪਿੱਛੋਂ ਸਿਆਸੀ ਮਾਹਿਰਾਂ ਨੇ ਹੁਣ ਇਹ ਦੋਵੇਂ ਨਾਂ ਵੀ ਸੂਚੀ ਵਿਚ ਸ਼ਾਮਲ ਕਰ ਲਏ ਹਨ।
ਇਸੇ ਤਰ੍ਹਾਂ ਕੋਟਕਪੂਰਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਆਪਣੇ ਸਾਥੀ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੂੰ ਚੋਣ ਲੜਾਉਣ ਦੇ ਇੱਛੁਕ ਦੱਸੇ ਜਾਂਦੇ ਹਨ ਪਰ ਸ੍ਰੀ ਗੋਇਲ ਦੀ ਪਿਛਲੇ ਦਿਨੀਂ ਸਿਹਤ ਦੀ ਨਾਸਾਜ਼ੀ ਕਾਰਨ ਹੁਣ ਫ਼ਰੀਦਕੋਟ ਜ਼ਿਲ੍ਹੇ ਦੇ ਸਾਬਕਾ ਪਾਰਟੀ ਪ੍ਰਧਾਨ ਅਜੈਪਾਲ ਸਿੰਘ ਸੰਧੂ, 2017 ’ਚ ਕੋਟਕਪੂਰਾ ਤੋਂ ਚੋਣ ਲੜ ਚੁੱਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਪੁੱਤਰ ਰਾਹੁਲ ਸਿੱਧੂ ਅਤੇ ਨੌਜਵਾਨ ਕਾਂਗਰਸੀ ਆਗੂ ਧਨਜੀਤ ਸਿੰਘ ‘ਧਨੀ ਵਿਰਕ’ ਦੇ ਨਾਵਾਂ ਦੀ ਚਰਚਾ ਟਿਕਟ ਦੇ ਚਾਹਵਾਨਾਂ ਵਜੋਂ ਭਖੀ ਹੋਈ ਹੈ।