ਚਰਨਜੀਤ ਭੁੱਲਰ
ਚੰਡੀਗੜ੍ਹ, 24 ਸਤੰਬਰ
ਪੰਜਾਬ ਸਰਕਾਰ ਵੱਲੋਂ ਨਵੀਂ ਕੈਬਨਿਟ ਬਣਨ ਮਗਰੋਂ 27 ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ‘ਤੋਹਫ਼ਾ’ ਦਿੱਤਾ ਜਾਵੇਗਾ। ਵਿੱਤ ਵਿਭਾਗ ਨੇ ਹੁਣ ਇਨ੍ਹਾਂ ਗੱਡੀਆਂ ਦੀ ਖਰੀਦ ਲਈ ਪ੍ਰਵਾਨਗੀ ਦੇ ਦਿੱਤੀ ਹੈ। ਟਰਾਂਸਪੋਰਟ ਵਿਭਾਗ ਨੇ ਵਿੱਤ ਵਿਭਾਗ ਤੋਂ ਪਹਿਲਾਂ 4.27 ਕਰੋੜ ਦੇ ਫੰਡ ਮੰਗੇ ਸਨ ਪਰ ਵਿੱਤ ਮਹਿਕਮੇ ਨੇ 4 ਅਗਸਤ ਨੂੰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਵਿੱਤ ਮਹਿਕਮੇ ਨੇ 4.20 ਕਰੋੜ ਦੇ ਫੰਡਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਜੋ 27 ਨਵੀਆਂ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਜਾ ਸਕੇ।
ਪ੍ਰਾਪਤ ਵੇਰਵਿਆਂ ਅਨੁਸਾਰ ਜੁਲਾਈ ਮਹੀਨੇ ਵਿੱਚ ਕਰੀਬ 22 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਸਨ। ਉਦੋਂ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋ-ਤਾਣ ਸਿਖ਼ਰ ’ਤੇ ਸੀ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਵਕਤ ਆਪਣੇ ਨੇੜਲੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਵੀਆਂ ਗੱਡੀਆਂ ਅਲਾਟ ਕਰਾ ਦਿੱਤੀਆਂ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਧੜੇ ਨਾਲ ਜੁੜੇ ਵਿਧਾਇਕਾਂ ਨੇ ਵੀ ਰੌਲਾ ਪਾਇਆ ਸੀ ਕਿ ਉਨ੍ਹਾਂ ਨੂੰ ਵੀ ਨਵੀਆਂ ਗੱਡੀਆਂ ਦਿੱਤੀਆਂ ਜਾਣ।
ਵਿੱਤ ਵਿਭਾਗ ਨੇ ਸੱਤ ਸੀਟਰ ਇਨੋਵਾ ਗੱਡੀਆਂ ਖਰੀਦਣ ਲਈ ਅਦਾਇਗੀ ਟੋਇਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਟਿਡ ਨੂੰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਵਿੱਤ ਵਿਭਾਗ ਨੇ ਇਸ ਸ਼ਰਤ ’ਤੇ ਪ੍ਰਵਾਨਗੀ ਦਿੱਤੀ ਹੈ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ 3.61 ਕਰੋੜ ਰੁਪਏ ਦਾ ਵਾਧੂ ਬਜਟ ਦਾ ਉਪਬੰਧ ਸਾਲ 2021-22 ਦੇ ਸੋਧੇ ਅਨੁਮਾਨਾਂ ਵਿੱਚ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਰ੍ਹਾ 2021-22 ਲਈ ਗੱਡੀਆਂ ਦੀ ਖਰੀਦ ਲਈ ਪੰਜ ਕਰੋੜ ਦੇ ਫੰਡ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ ਜੁਲਾਈ ਤੱਕ 4 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਸਨ। ਨਵੀਆਂ ਗੱਡੀਆਂ ਲਈ ਵਾਧੂ ਬਜਟ ਦੀ ਲੋੜ ਸੀ, ਜਿਸ ਕਰਕੇ ਵਿੱਤ ਵਿਭਾਗ ਨੇ ਸ਼ਰਤ ’ਤੇ ਨਵੀਆਂ ਗੱਡੀਆਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਹੈ।
ਸੂਤਰ ਆਖਦੇ ਹਨ ਕਿ ਨਵੀਆਂ ਗੱਡੀਆਂ ਦਾ ਤੋਹਫ਼ਾ ਨਵੇਂ ਮੁੱਖ ਮੰਤਰੀ ਦੇ ਨੇੜਲਿਆਂ ਨੂੰ ਮਿਲੇਗਾ। ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 24 ਸਤੰਬਰ ਨੂੰ ਨਵੀਆਂ ਗੱਡੀਆਂ ਦੀ ਖਰੀਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਨੁਮਾਨ ਹੈ ਕਿ ਦੋ-ਤਿੰਨ ਦਿਨਾਂ ਵਿੱਚ ਨਵੀਂ ਕੈਬਨਿਟ ਵੱਲੋਂ ਸਹੁੰ ਚੁੱਕ ਲਈ ਜਾਵੇਗੀ ਅਤੇ ਉਸ ਮਗਰੋਂ ਹੀ ਨਵੀਆਂ ਗੱਡੀਆਂ ਦੀ ਡਲਿਵਰੀ ਹੋਣ ਦੀ ਸੰਭਾਵਨਾ ਹੈ।
ਵੀਆਈਪੀ’ਜ਼ ਦੇ ਨਾਲ ਗੱਡੀਆਂ ਦੇ ਵੱਡੇ ਕਾਫ਼ਲੇ ਚੱਲਣ ਦੇ ਹੱਕ ’ਚ ਨਹੀਂ ਚੰਨੀ
ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਇਸ ਹੱਕ ਵਿੱਚ ਨਹੀਂ ਹਨ ਕਿ ਵੀਆਈਪੀ’ਜ਼ ਦੇ ਨਾਲ ਗੱਡੀਆਂ ਦੇ ਵੱਡੇ ਕਾਫ਼ਲੇ ਚੱਲਣ। ਜਿਨ੍ਹਾਂ ਵਿਧਾਇਕਾਂ ਦੀਆਂ ਗੱਡੀਆਂ ਦੀ ਮਿਆਦ ਪੁੱਗ ਚੁੱਕੀ ਹੈ, ਉਨ੍ਹਾਂ ਨੂੰ ਨਵੀਆਂ ਗੱਡੀਆਂ ਅਲਾਟ ਹੋ ਸਕਦੀਆਂ ਹਨ। ਚੋਣਾਂ ਵਿੱਚ ਹੁਣ ਬਹੁਤਾ ਸਮਾਂ ਬਾਕੀ ਨਹੀਂ ਹੈ, ਜਿਸ ਕਰਕੇ ਵਿਧਾਇਕ ਵੀ ਨਵੀਆਂ ਗੱਡੀਆਂ ਲਈ ਕਾਹਲੇ ਪਏ ਹੋਏ ਹਨ। ਪਤਾ ਲੱਗਾ ਹੈ ਕਿ ਪਿਛਲੇ ਦੋ ਹਫ਼ਤੇ ਤੋਂ ਕਈ ਵਿਧਾਇਕਾਂ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਵਾਰ-ਵਾਰ ਫੋਨ ਖੜਕਾਏ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਨਵੀਆਂ ਗੱਡੀਆਂ ਕਿਸ-ਕਿਸ ਵਿਧਾਇਕ ਦੇ ਹਿੱਸੇ ਆਉਂਦੀਆਂ ਹਨ।
ਪ੍ਰਵਾਨਗੀ ਪੱਤਰ ਨਹੀਂ ਮਿਲਿਆ: ਕਮਿਸ਼ਨਰ
ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਕਰੀਬ 32 ਵਿਧਾਇਕਾਂ ਦੀਆਂ ਗੱਡੀਆਂ ਮਿਆਦ ਪੁਗਾ ਚੁੱਕੀਆਂ ਹਨ, ਜਿਨ੍ਹਾਂ ਦੀ ਰਿਪਲੇਸਮੈਂਟ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ 27 ਨਵੀਆਂ ਗੱਡੀਆਂ ਦਾ ਕੇਸ ਵਿੱਤ ਵਿਭਾਗ ਕੋਲ ਭੇਜਿਆ ਹੋਇਆ ਸੀ ਪਰ ਵਿੱਤ ਵਿਭਾਗ ਤੋਂ ਪ੍ਰਵਾਨਗੀ ਦੀ ਚਿੱਠੀ ਹਾਲੇ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਨਗੀ ਦਾ ਪੱਤਰ ਪ੍ਰਾਪਤ ਹੋਣ ਮਗਰੋਂ ਹੀ ਨਵੀਆਂ ਗੱਡੀਆਂ ਦਾ ਆਰਡਰ ਦੇ ਦਿੱਤਾ ਜਾਵੇਗਾ।