ਐਨ.ਪੀ.ਧਵਨ
ਪਠਾਨਕੋਟ, 17 ਦਸੰਬਰ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਐੱਫਟੀਏ, ਰੂਰਲ ਏਰੀਆ ਅਤੇ ਹੋਰ ਭੱਤੇ ਬੰਦ ਕਰਨ ਦੇ ਜਾਰੀ ਕੀਤੇ ਨਾਦਰਸ਼ਾਹੀ ਫਰਮਾਨਾਂ ਖ਼ਿਲਾਫ਼ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਅਤੇ ਹੋਰ ਮੁਲਾਜ਼ਮਾਂ ਵੱਲੋਂ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਰੋਸ ਪ੍ਰਦਰਸ਼ਨ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਗੁਰਦੀਪ ਸਫਰੀ, ਹੀਰਾ ਸਿੰਘ, ਸੁਰਜੀਤ ਸਿੰਘ ਤੇ ਹੀਰਾ ਲਾਲ ਸਮੇਤ ਹੋਰ ਸ਼ਾਮਲ ਸਨ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਪੰਜਾਬ ਯੂ.ਟੀ.ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ‘ਤੇ ਬੰਗਾ ਚੌਕ ਗੜ੍ਹਸ਼ੰਕਰ ’ਚ ਮੁਲਾਜ਼ਮਾਂ ਨੇ ਮੁਲਾਜ਼ਮ ਮਾਰੂ ਪੱਤਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ 19 ਦਸੰਬਰ ਦੀ ਸਾਂਝੇ ਫਰੰਟ ਦੀ ਰੈਲੀ ਦਾ ਹਿੱਸਾ ਬਣ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਫਰੰਟ ਦੇ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਕੁਲਵਿੰਦਰ ਸਹੂੰਗੜਾ ਤੇ ਸ਼ਿਗਾਰਾ ਰਾਮ ਭੱਜਲ ਨੇ ਸੰਬੋਧਨ ਕੀਤਾ।
ਪੈਰਾ-ਮੈਡੀਕਲ ਸਟਾਫ ਵੱਲੋਂ ਮਾਰਚ
ਤਰਨ ਤਾਰਨ (ਗੁਰਬਖਸ਼ਪੁਰੀ): ਸਿਹਤ ਵਿਭਾਗ ਦੇ ਸਮੁੱਚੇ ਪੈਰਾ-ਮੈਡੀਕਲ ਸਟਾਫ਼ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਕਈ ਭੱਤੇ ਬੰਦ ਕਰ ਦੇਣ ਕਾਰਨ ਵਿਭਾਗ ਦਾ ਕੰਮ ਠੱਪ ਕਰ ਕੇ ਇਥੋਂ ਦੇ ਸਿਵਲ ਹਸਪਤਾਲ ਵਿੱਚ ਇਕ ਰੈਲੀ ਕੀਤੀ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਮਾਰਚ ਕੀਤਾ| ਉਨ੍ਹਾਂ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ। ਤਾਲਮੇਲ ਕਮੇਟੀ ਪੈਰਾ-ਮੈਡੀਕਲ ਸਟਾਫ਼ ਅਤੇ ਹੈਲਥ ਐਂਪਲਾਈਜ਼ ਐਸੋਸੀਏਸ਼ਨ ਦੇ ਸਾਂਝੇ ਝੰਡੇ ਹੇਠ ਮੁਲਾਜ਼ਮਾਂ ਨੂੰ ਜਥੇਬੰਦੀਆਂ ਦੇ ਆਗੂ ਵਿਰਸਾ ਸਿੰਘ ਪੰਨੂ, ਰਾਜਵੰਤ ਸਿੰਘ ਬਾਗੜੀਆਂ ਤੇ ਲਖਵਿੰਦਰ ਕੌਰ ਜੌਹਲ ਨੇ ਸੰਬੋਧਨ ਕੀਤਾ।