ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 19 ਅਕਤੂਬਰ
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ ਭਾਰਤੀ ਕਪਾਹ ਸੰਘ ਵੱਲੋਂ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਕਪਾਹ ਸੰਘ ਦੇ ਸ਼ਤਾਬਦੀ ਸਾਲ ਦੇ ਸਮਾਰੋਹ ਮੌਕੇ ਜੀਓ ਸੈਂਟਰ ਮੁੰਬਈ ਵਿੱਚ ਹੋਏ ਸਮਾਰੋਹ ਮੌਕੇ ਦਿੱਤਾ ਗਿਆ। ਕੇਂਦਰੀ ਕੱਪੜਾ, ਵਣਜ ਤੇ ਉਦਯੋਗ ਤੇ ਖ਼ਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਪਿਊਸ਼ ਗੋਇਲ ਦੇ ਨੁਮਾਇੰਦੇ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਈ ਟੈਕਸਟਾਈਲ ਕਮਿਸ਼ਨਰ ਰੂਪ ਰਾਸ਼ੀ ਅਤੇ ਕਾਟਨ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੁਲ ਗਨਾਤਰਾ ਨੇ ਸ੍ਰੀ ਗੁਪਤਾ ਨੂੰ ਭਾਰਤੀ ਟੈਕਸਟਾਈਲ ਉਦਯੋਗ ਨੂੰ ਕੌਮੀ ਹਿੱਤਾਂ ਵਿੱਚ ਮਜ਼ਬੂਤ ਕਰਨ ਲਈ ਪਾਏ ਵਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਸ੍ਰੀ ਗੁਪਤਾ ਇਸ ਸਮੇਂ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ, ਫੈੱਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਸਲਾਹਕਾਰ ਕੌਂਸਲ ਦੇ ਚੇਅਰਮੈਨ ਵੀ ਹਨ। ਉਹ ਪੰਜਾਬ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਹਨ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਰੈਂਕ ਦਾ ਦਰਜਾ ਦਿੱਤਾ ਹੋਇਆ ਹੈ।