ਬਲਵਿੰਦਰ ਰੈਤ
ਐਲਗਰਾਂ (ਨੂਰਪੁਰ ਬੇਦੀ), 4 ਅਪਰੈਲ
ਸੁਆਂ ਨਦੀ ਨੇੜੇ ਪਿੰਡ ਐਲਗਰਾਂ ’ਚ ਇਲਾਕਾ ਸੰਘਰਸ਼ ਕਮੇਟੀ ਵੱਲੋਂ ਨਦੀ ਵਿੱਚ ਹੋਰ ਰਹੀ ਨਾਜਾਇਜ਼ ਖਣਨ ਖ਼ਿਲਾਫ਼ ਲਗਾਇਆ ਗਿਆ ਧਰਨਾ 25ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਨਾਜਾਇਜ਼ ਖਣਨ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਬਾਜ਼ ਆਉਣ ਦੀ ਤਾਕੀਦ ਕੀਤੀ ਗਈ।
ਅੱਜ ਕਮੇਟੀ ਦੇ ਆਗੂਆਂ ਤੇ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਸੁਆਂਂ ਨਦੀ ਵਿੱਚ ਕਿਸੇ ਵੀ ਸੂਰਤ ਵਿੱਚ ਨਾਜਾਇਜ਼ ਖਣਨ ਨਹੀਂ ਹੋਣ ਦਿੱਤੀ ਜਾਵੇਗੀ। ਸਮਾਜ ਸੇਵੀ ਟਿੱਕਾ ਯਸ਼ਵੀਰ ਸਿੰਘ ਭਲਾਣ ਨੇ ਕਿਹਾ ਕਿ ਸਰਕਾਰ ਵੱਲੋਂ ਸਿਰਫ ਪਲਾਸੀ, ਨਾਨਗਰਾਂ, ਭਲਾਣ, ਦਿਆਪੁਰ ਅਤੇ ਸੂਰੇਵਾਲ ਖੱਡਾਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਜਦਕਿ ਰੂਪਨਗਰ ਜ਼ਿਲ੍ਹੇ ਵਿੱਚ ਹੋਰ ਕੋਈ ਖੱਡ ਨਹੀਂ ਹੈ ਜਿੱਥੇ ਖਣਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਟੋਨ ਕਰੱਸ਼ਰ ਮਾਲਕਾਂ ਵੱਲੋਂ ਵੱਡੇ ਪੱਧਰ ’ਤੇ ਸੁਆਂਂ ਨਦੀ ਵਿੱਚ ਕਥਿਤ ਨਾਜਾਇਜ਼ ਖਣਨ ਕਰਕੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਸੀ ਅਤੇ ਖੇਤਰ ਦੇ ਪਿੰਡਾਂ ਵਿੱਚ ਪਾਣੀ ਦਾ ਲੈਵਲ ਕਾਫੀ ਡੂੰਘਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਖੇਤਰ ਦੇ ਲੋਕ ਕਾਫੀ ਜਾਗਰੂਕ ਹੋ ਗਏ ਹਨ ਜੋ ਨਾਜਾਇਜ਼ ਖਣਨ ਨਹੀਂ ਹੋਣ ਦੇਣਗੇ। ‘ਆਪ’ ਆਗੂ ਵਿਸ਼ਾਲ ਸੈਣੀ ਨੇ ਕਿਹਾ ਕਿ ਇਲਾਕਾ ਸੰਘਰਸ਼ ਕਮੇਟੀ ਨੂੰ ਸਭ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਟੋਨ ਕਰੱਸ਼ਰਾਂ ’ਤੇ ਪਏ ਕੱਚੇ ਮਾਲ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਲੋਕ ਸੁਆਂ ਨਦੀ ਵਿੱਚ ਗੈਰਕਾਨੂੰਨੀ ਮਾਈਟਿੰਗ ਬੰਦ ਕਰਵਾਕੇ ਛੱਡਣਗੇ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਡੂੰਘਾ ਹੋ ਚੁੱਕਾ ਹੈ, ਉੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਖਣਨ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਮੁਆਵਜ਼ੇ ਦੀ ਮੰਗ ਵੀ ਕੀਤੀ।