ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਕਤੂਬਰ
ਰਾਜ ਕੁਮਾਰ ਆਨੰਦ ਦਿੱਲੀ ਸਰਕਾਰ ਦੇ ਨਵੇਂ ਸਮਾਜ ਕਲਿਆਣ ਮੰਤਰੀ ਹੋਣਗੇ। ਉਨ੍ਹਾਂ ਦੇ ਨਾਮ ਦਾ ਐਲਾਨ ਅੱਜ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। ਜ਼ਿਕਰਯੋਗ ਹੈ ਕਿ ਉਹ ਰਾਜੇਂਦਰ ਪਾਲ ਗੌਤਮ ਦੀ ਥਾਂ ਲੈਣਗੇ ਜਿਨ੍ਹਾਂ ਨੇ ਬੀਤੇ ਦਿਨੀਂ ਬੁੱਧ ਧਰਮ ਦੇ ਦੀਕਸ਼ਾ ਸਮਾਗਮ ਵਿੱਚ ਸ਼ਾਮਲ ਹੋਣ ਦੇ ਵਿਵਾਦ ਕਾਰਨ ਅਸਤੀਫ਼ਾ ਦੇ ਦਿੱਤਾ ਸੀ। ਰਾਜ ਕੁਮਾਰ ਆਨੰਦ ਪਟੇਲ ਨਗਰ ਤੋਂ ‘ਆਪ’ ਦੇ ਵਿਧਾਇਕ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਰਾਜ ਕੁਮਾਰ ਆਨੰਦ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਉਹ ਦਿੱਲੀ ਡਾਇਆਲਾਗ ਤੇ ਡਿਵਲੈਪਮੈਂਟ ਕਮਿਸ਼ਨ (ਡੀਡੀਸੀਡੀ) ਦੀ ਸਥਾਪਨਾ ਦੇ 7 ਸਾਲ ਹੋਣ ਦੇ ਮੱਦੇਨਜ਼ਰ ਡੀਡੀਸੀਡੀ ਦੇ ਕਾਰਜਾਂ ਬਾਰੇ ਪੱਤਰਕਾਰਾਂ ਨੂੰ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਡੀਡੀਸੀਡੀ ਨੇ 7 ਸਾਲਾਂ ਦੌਰਾਨ ਵਧੀਆ ਕੰਮ ਕੀਤਾ। ਖ਼ਾਸ ਕਰਕੇ ਕਰੋਨਾ ਕਾਲ ਦੌਰਾਨ ਮੁਫ਼ਤ ਰਾਸ਼ਨ ਲਈ ਈ-ਕੂਪਨ ਸ਼ੁਰੂ ਕੀਤੇ। ‘ਕੈਟ’ ਐਂਬੂਲੈਂਸਾਂ ਦੀ ਉਡੀਕ ਦਾ ਸਮਾਂ 55 ਮਿੰਟ ਤੋਂ ਘਟਾ ਕੇ 18 ਮਿੰਟ ਕੀਤਾ ਜਿਸ ਨਾਲ ਕਰੋਨਾ ਕਾਲ ਵਿੱਚ ਲਾਭ ਹੋਇਆ। ਇਸ ਲਈ ਹੋਰ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਮਦਦ ਲਈ ਇਹ ਕਮਿਸ਼ਨ ਬਣਾਇਆ ਗਿਆ ਜੋ ਨੀਤੀਆਂ ਘੜਨ, ਲਾਗੂ ਕਰਨ ਤੇ ਨਿਗਰਾਨੀ ਕਰਨ ਦਾ ਕੰਮ ਕਰਦਾ ਹੈ ਤੇ ਨੀਤੀਆਂ ਦੀਆਂ ਖਾਮੀਆਂ ਵੱਲ ਵੀ ਧਿਆਨ ਦਿੰਦਾ ਹੈ। ਡੀਡੀਸੀਡੀ ਨੇ ਈ-ਵੀਹੀਕਲਸ ਦੀ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸ੍ਰੀ ਮਨੀਸ਼ ਸਿਸੋਦੀਆ ਵਰਗੇ ਫੱਕਰ ਵਿਅਕਤੀ ਕੋਲੋਂ ਸੀਬੀਆਈ ਨੂੰ ਕੁੁੱਝ ਨਹੀਂ ਮਿਲਿਆ ਜਦੋਂ ਕਈ ਉਨ੍ਹਾਂ ਉਪਰ ਛਾਪੇ ਮਾਰੇ ਗਏ ਤੇ 9 ਘੰਟੇ ਪੁੱਛ-ਪੜਤਾਲ ਕੀਤੀ ਗਈ।
ਕਾਰੋਬਾਰੀ ਤੋਂ ਸਿਆਸਤਦਾਨ ਬਣੇ ਰਾਜ ਕੁਮਾਰ ਆਨੰਦ
ਨਵੀਂ ਦਿੱਲੀ (ਪੱਤਰ ਪ੍ਰੇਰਕ):ਕਾਰੋਬਾਰ ਖੇਤਰ ਤੋਂ ‘ਆਪ’ ਵਿੱਚ ਆਏ ਰਾਜ ਕੁਮਾਰ ਆਨੰਦ ਪਟੇਲ ਨਗਰ ਤੋਂ ਵਿਧਾਇਕ ਹਨ ਜਿੱਥੇ ਪਹਿਲਾਂ ਉਨ੍ਹਾਂ ਦੀ ਪਤਨੀ ਵੀਨਾ ਆਨੰਦ 2013 ਵਿੱਚ ‘ਆਪ’ ਦੀ ਵਿਧਾਇਕਾ ਸੀ। ਹਾਲਾਂ ਕਿ ਇਹ ਪਰਿਵਾਰ ਮਤਭੇਦਾਂ ਕਾਰਨ 2015 ਵਿੱਚ ‘ਆਪ’ ਤੋਂ ਦੂਰ ਵੀ ਚਲੇ ਗਿਆ ਸੀ ਪਰ ਫਿਰ 2020 ਦੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਹ ਭਾਜਪਾ ਦੇ ਪ੍ਰਵੇਸ਼ ਰਤਨ ਨੂੰ ਹਰਾ ਕੇ ਵਿਧਾਇਕ ਬਣੇ। ਉਨ੍ਹਾਂ 73,000 ਤੋਂ ਵੱੱਧ ਵੋਟਾਂ ਲਈਆਂ ਹਨ ਜਿਨ੍ਹਾਂ ਦਾ ਫ਼ੀਸਦੀ 60.81 ਬਣਦਾ ਹੈ।ਉਨ੍ਹਾਂ ਕਰੋਨਾ ਕਾਲ ਦੌਰਾਨ ਵਧੀਆ ਕੰਮ ਕੀਤਾ, ਜਿਸ ਦੀ ਸਾਰੇ ‘ਆਪ’ ਵਿਧਾਇਕਾਂ ਅਤੇ ਵਰਕਰਾਂ ਨੇ ਸ਼ਲਾਘਾ ਕੀਤੀ ਸੀ। ਉਹ ‘ਆਪ’ ਦੀਆਂ ਸਰਗਰਮੀਆਂ ਵਿੱਚ ਚੁੱਪ-ਚੁਪੀਤੇ ਲੱਗੇ ਰਹਿਣ ਵਾਲੇ ਆਗੂ ਮੰਨੇ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਲਈ ਕੇਜਰੀਵਾਲ ਨੇ ਹਾਮੀ ਭਰੀ।