ਮੁੰਬਈ: ਟੈਲੀਵਿਜ਼ਨ ਸ਼ੋਅ ‘ਜ਼ਿੰਦਗੀ ਗੁਲਜ਼ਾਰ ਹੈ’ ਨਾਲ ਵਿਸ਼ਵ ’ਚ ਆਪਣੀ ਪਛਾਣ ਬਣਾਉਣ ਵਾਲੀ ਪਾਕਿਸਤਾਨੀ ਅਦਾਕਾਰਾ ਸਨਮ ਸਈਦ ਦਾ ਕਹਿਣਾ ਹੈ ਕਿ ਉਹ ਭਾਰਤੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਬੌਲੀਵੁੱਡ ਸਟਾਰ ਆਮਿਰ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਆਪਣੇ ਆਉਣ ਵਾਲੇ ਸ਼ੋਅ ‘ਕਾਤਿਲ ਹਸੀਨੋਂ ਕੇ ਨਾਮ’ ਦੀ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰਾ ਨੇ ਕਿਹਾ, ‘‘ਮੈਂ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਲਈ ਤਿਆਰ ਹਾਂ, ਪਰ ਟੈਲੀਵਿਜ਼ਨ ਵਿੱਚ ਨਹੀਂ। ਮੈਂ ਸਰਹੱਦ ਦੇ ਇਸ ਪਾਸੇ ਟੈਲੀਵਿਜ਼ਨ ਨੂੰ ਤਰਜੀਹ ਦਿੰਦੀ ਹਾਂ। ਮੈਂ ਕਈ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਹਨ, ਪਰ ਸ਼ੁਰੂਆਤ ਵਿੱਚ ਆਮਿਰ ਖਾਨ ਉਹ ਅਦਾਕਾਰ ਹੈ ਜਿਸ ਨਾਲ ਮੈਂ ਕੰਮ ਕਰਨਾ ਪਸੰਦ ਕਰਾਂਗੀ।’’ ਭਾਰਤ ਵਿੱਚ ਓਟੀਟੀ ’ਤੇ ਪਾਕਿਸਤਾਨੀ ਸਮੱਗਰੀ ਦੀ ਪ੍ਰਸਿੱਧੀ ਬਾਰੇ ਗੱਲਬਾਤ ਕਰਦਿਆਂ ਸਨਮ ਸਈਦ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਭਾਰਤ ਕਿਸ ਤਰ੍ਹਾਂ ਦਾ ਹੈ, ਅਸੀਂ ਉਨ੍ਹਾਂ ਦੀਆਂ ਫਿਲਮਾਂ ਦੇਖੀਆਂ ਹਨ। ਪਰ ਉਹ ਨਹੀਂ ਜਾਣਦੇ ਕਿ ਅਸੀਂ ਕਿਸ ਤਰ੍ਹਾਂ ਦੇ ਦਿਖਦੇ ਹਾਂ ਤੇ ਸਾਡਾ ਰਹਿਣ-ਸਹਿਣ ਕਿਹੋ ਜਿਹਾ ਹੈ। ਇਸ ਲਈ ਇਹ ਟੀਵੀ ਸ਼ੋਅ ਉਨ੍ਹਾਂ ਲਈ ਨਵੇਂ ਖ਼ੁਲਾਸੇ ਕਰੇਗਾ। ਅਸੀਂ ਇਕੋ ਜਿਹੇ ਦਿਖਦੇ ਹਾਂ ਤੇ ਸਾਡਾ ਖਾਣ-ਪੀਣ ਵੀ ਇੱਕੋ ਜਿਹਾ ਹੈ। ਅਸੀਂ ਵਿਹਾਰਿਕ ਤੌਰ ’ਤੇ ਭੈਣ-ਭਰਾ ਹਾਂ।’’ ਜ਼ਿਕਰਯੋਗ ਹੈ ਕਿ ਅਦਾਕਾਰਾ ਸਨਮ ਸਈਦ ਦਾ ਸ਼ੋਅ ‘ਕਾਤਿਲ ਹਸੀਨੋਂ ਕੇ ਨਾਮ’ ਮੀਨੂੰ ਗੌੜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਕਿ 10 ਦਸੰਬਰ ਨੂੰ ਜ਼ੀ5 ’ਤੇ ਰਿਲੀਜ਼ ਹੋਵੇਗਾ। -ਆਈਏਐੱਨਐੱਸ