ਐੱਨ.ਪੀ ਧਵਨ
ਪਠਾਨਕੋਟ, 15 ਜਨਵਰੀ
ਕਾਂਗਰਸ ਵੱਲੋਂ ਜਾਰੀ ਕੀਤੀ ਗਈ 86 ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿੱਚ ਪਠਾਨਕੋਟ ਤੋਂ ਅਮਿਤ ਵਿੱਜ ਨੂੰ ਅਤੇ ਸੁਜਾਨਪੁਰ ਵਿਧਾਨ ਸਭਾ ਹਲਕਾ ਤੋਂ ਨਰੇਸ਼ ਪੁਰੀ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਜਾਰੀ ਹੋਈ ਪਹਿਲੀ ਸੂਚੀ ਵਿੱਚ ਭੋਆ ਵਿਧਾਨ ਸਭਾ ਹਲਕੇ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ ਅਤੇ ਇਥੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਪੇਚ ਫਸਿਆ ਹੋਇਆ ਹੈ। ਪ੍ਰਤਾਪ ਬਾਜਵਾ ਵਿਧਾਇਕ ਜੋਗਿੰਦਰ ਪਾਲ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ ਜਦ ਕਿ ਸੁਨੀਲ ਜਾਖੜ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ਕਾਂਗਰਸ ਹਾਈਕਮਾਨ ਵੱਲੋਂ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਨਰੇਸ਼ ਪੁਰੀ ਨੂੰ ਪਾਰਟੀ ਦੀ ਟਿਕਟ ਦੇ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ। ਨਰੇਸ਼ ਪੁਰੀ ਬੀਤੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਬਤੌਰ ਆਜ਼ਾਦ ਉਮੀਦਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਸੁਜਾਨਪੁਰ ਸੀਟ ਤੋਂ ਕਾਂਗਰਸ ਦੀ ਗੁੱਟਬਾਜ਼ੀ ਕਾਰਨ ਕਾਂਗਰਸ ਲਗਾਤਾਰ ਤਿੰਨ ਵਾਰ ਚੋਣ ਹਾਰ ਚੁੱਕੀ ਹੈ। ਨਰੇਸ਼ ਪੁਰੀ ਸਾਬਕਾ ਮੰਤਰੀ ਮਰਹੂਮ ਰਘੂਨਾਥ ਸਹਾਏ ਪੁਰੀ ਦੇ ਪੁੱਤਰ ਹਨ। ਸੁਜਾਨਪੁਰ ਤੋਂ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਜਾਣ ਵਾਲੇ ਅਮਿਤ ਸਿੰਘ ਮੰਟੂ ਨੇ ਸਾਫ ਕੀਤਾ ਕਿ ਉਹ ਪਾਰਟੀ ਦੇ ਫੈਸਲੇ ਨਾਲ ਕਿਸੇ ਵੀ ਤਰ੍ਹਾਂ ਸਹਿਮਤ ਨਹੀਂ ਹਨ। ਮੰਟੂ ਨੇ ਕਿਹਾ ਕਿ ਪਾਰਟੀ ਉਮੀਦਵਾਰ ਦੀ ਚੋਣ ਨੂੰ ਹਰਵਾਉਣ ਵਾਲੇ ਨੂੰ ਹੀ ਟਿਕਟ ਅਲਾਟ ਕਰ ਦਿੱਤੀ ਗਈ ਹੈ।