ਪੱਤਰ ਪ੍ਰੇਰਕ
ਚੋਹਲਾ ਸਾਹਿਬ, 1 ਜੁਲਾਈ
ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਵਰਾਨਾ ਵਿੱਚ ਸੜਕ ਵਿਚਾਲੇ ਲੱਗਿਆ ਬਿਜਲੀ ਦਾ ਖੰਭਾ ਹਟਾਉਣ ਦੇ ਮਾਮਲੇ ’ਤੇ ਦੋ ਧਿਰਾਂ ਵਿਚਾਲੇ ਤਲਵਾਰਾਂ ਅਤੇ ਗੋਲੀਆਂ ਚੱਲੀਆਂ, ਜਿਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਪਰਿਵਾਰ ਪਾਵਰਕੌਮ ਦੀ ਮਨਜ਼ੂਰੀ ਮਗਰੋਂ ਸੜਕ ਵਿਚਾਲੇ ਲੱਗੇ ਬਿਜਲੀ ਦੇ ਖੰਭੇ ਨੂੰ ਹਟਾਉਣ ਲਈ ਆਇਆ ਸੀ, ਜਿਸ ’ਤੇ ਇੱਕ ਹੋਰ ਪਰਿਵਾਰ ਨੇ ਹਮਲਾ ਕਰ ਦਿੱਤਾ। ਹਮਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਸਰਹਾਲੀ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਰਾਣਾ ਦੇ ਵਸਨੀਕ ਰਣਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲੋਂ ਲੰਘਦੇ ਰਾਹ ਦੇ ਵਿਚਾਲੇ ਬਿਜਲੀ ਦਾ ਖੰਭਾ ਹੈ, ਜਿਸ ਨੂੰ ਹਟਾਉਣ ਲਈ ਉਨ੍ਹਾਂ ਪਾਵਰਕੌਮ ਕੋਲ ਦਰਖਾਸਤ ਦਿੱਤੀ ਸੀ। ਪਾਵਰਕੌਮ ਤੋਂ ਮਨਜ਼ੂਰੀ ਮਿਲਣ ਮਗਰੋਂ ਅੱਜ ਜਦੋਂ ਰਣਜੋਤ ਸਿੰਘ ਦਾ ਪਰਿਵਾਰ ਟਰੈਕਟਰ ’ਤੇ ਖੰਭਾ ਪੁੱਟਣ ਲਈ ਜਾ ਰਿਹਾ ਸੀ ਕਿ ਰਾਹ ਵਿੱਚ ਇਕ ਹੋਰ ਪਰਿਵਾਰ ਦੇ ਜੀਆਂ ਨੇ ਉਸ ਨੂੰ ਰੋਕ ਲਿਆ ਅਤੇ ਗਾਲੀ-ਗਲੋਚ ਕੀਤਾ। ਉਨ੍ਹਾਂ ਰਣਜੋਤ ’ਤੇ ਪਹਿਲਾਂ ਕਸੀਏ ਨਾਲ ਹਮਲਾ ਕੀਤਾ ਅਤੇ ਫਿਰ ਪਿਸਤੌਲ ਨਾਲ ਗੋਲੀਆਂ ਚਲਾਈਆਂ। ਹਮਲੇ ਵਿੱਚ ਰਣਜੋਤ ਸਿੰਘ ਅਤੇ ਸਮਰਜੀਤ ਸਿੰਘ ਜ਼ਖ਼ਮੀ ਹੋ ਗਏ। ਥਾਣਾ ਸਰਹਾਲੀ ਦੇ ਵਧੀਕ ਇੰਚਾਰਜ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕੈਰੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਮਗਰੋਂ ਮੁਲਜ਼ਮ ਪ੍ਰਗਟ ਸਿੰਘ, ਉਸ ਦੀ ਪਤਨੀ ਜੋਗਿੰਦਰ ਕੌਰ ਪੁੱਤਰ ਹਰਵਿੰਦਰ ਸਿੰਘ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।