ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 3 ਫਰਵਰੀ
ਪੰਜਾਬ ਦੀ ਸਭ ਤੋਂ ਵੱਧ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਲਈ ਅੱਜ ਅਮਲੋਹ ਵਿਚ ਐੱਸ.ਡੀ.ਐੱਮ. ਕਮ-ਚੋਣ ਅਫ਼ਸਰ ਅਨੰਦ ਸਾਗਰ ਸ਼ਰਮਾ ਅਤੇ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਪਾਸ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਨ ਲਈ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 239 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ। ਕਾਗਜ਼ ਦਾਖ਼ਲ ਕਰਨ ਵਾਲਿਆਂ ਵਿਚ ਮੁੱਖ ਤੌਰ ’ਤੇ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ-25 ਤੋਂ ਉਮੀਦਵਾਰ ਦਿਲਰਾਜ ਸੋਫ਼ਤ, ਵਾਰਡ ਨੰਬਰ-15 ਤੋਂ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਬਾਵਾ ਅਤੇ ਵਾਰਡ ਨੰਬਰ-7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਨਜੀਤ ਕੌਰ ਬੱਲ ਸ਼ਾਮਲ ਸਨ।
ਫ਼ਤਹਿਗੜ੍ਹ ਸਾਹਿਬ: ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਅੱਜ ਅਖੀਰਲੇ ਦਿਨ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥੱਕਾਂ ਦੀ ਐੱਸ.ਡੀ.ਐੱਮ.-ਕਮ-ਚੋਣ ਅਫ਼ਸਰ ਡਾ. ਸੰਜੀਵ ਕੁਮਾਰ ਅਤੇ ਤਹਿਸੀਲਦਾਰ ਗੁਰਜਿੰਦਰ ਸਿੰਘ ਦੇ ਦਫ਼ਤਰ ਵਿਚ ਭੀੜ ਲੱਗੀ ਰਹੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 23 ਵਾਰਡਾਂ ਵਿਚ 167 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਨਗਰ ਪੰਚਾਇਤ ਚਮਕੌਰ ਸਾਹਿਬ ਦੀਆਂ ਚੋਣਾਂ ਲਈ ਅੱਜ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਧੜੇ ਵੱਲੋਂ ਵੱਖ-ਵੱਖ ਵਾਰਡਾਂ ਤੋਂ ਚੋਣ ਅਧਿਕਾਰੀ ਕੋਲ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਮਾਂਗਟ ਨੇ ਦੱਸਿਆ ਕਿ ਉਹ ਭਾਰੀ ਬਹੁਮਤ ਨਾਲ ਜਿੱਤਣਗੇ ਅਤੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤਰਜ਼ੀਹ ਦੇਣਗੇ।
ਖਰੜ (ਪੱਤਰ ਪ੍ਰੇਰਕ): ਨਗਰ ਕੌਂਸਲ ਚੋਣਾਂ ਲਈ ਅੱਜ 90 ਹੋਰ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਹਨ। ਇਸ ਪ੍ਰਕਾਰ ਹੁਣ ਤੱਕ ਕੁੱਲ 234 ਉਮੀਦਵਾਰਾਂ ਵਲੋਂ ਆਪਣੇ ਕਾਗਜ਼ਾਤ ਭਰੇ ਜਾ ਚੁੱਕੇ ਹਨ। ਖਰੜ ਦੇ ਐੱਸਡੀਐੱਮ ਅਤੇ ਰਿਟਰਨਿੰਗ ਅਫਸਰ ਹਿਮਾਂਸੂ ਜੈਨ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਤ ਦੀ ਜਾਂਚ 4 ਫਰਵਰੀ ਨੂੰ ਸਵੇਰੇ 11 ਤੋਂ 3 ਵਜੇ ਤੱਕ ਹੋਵੇਗੀ।
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ ਨਾਮਜ਼ਦਗੀਆਂ ਭਰਨ ਦੇ ਅਖ਼ੀਰਲੇ ਦਿਨ 130 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਦੂਜੇ ਪਾਸੇ ਭਾਜਪਾ ਵੱਲੋਂ ਭਾਰੀ ਸੁਰੱਖਿਆ ਹੇਠ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ ਅਖ਼ੀਰਲੇ ਦਿਨ 81 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ਼ਹਿਰ ਦੇ ਕੁੱਲ 19 ਵਾਰਡਾਂ ਵਿੱਚ ਹੁਣ 150 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਅਕਾਲੀ ਦਲ ਦੇ ਉਮੀਦਵਾਰਾਂ ਨੇ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਦੀ ਅਗਵਾਈ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਕੌਂਸਲ ਦਫ਼ਤਰ ਵਿੱਚ ਅਖੀਰਲੇ ਦਿਨ ਵੱਖ ਵੱਖ ਵਾਰਡਾਂ ਤੋਂ 57 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ। ਕੁੱਲ 17 ਵਾਰਡਾਂ ਲਈ ਹੁਣ ਤੱਕ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 107 ਹੋ ਗਈ ਹੈ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਨਾਮਜ਼ਗੀਆਂ ਦੇ ਅਖੀਰਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ 32 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਵਾਰਡ ਨੰਬਰ-13 ਦੀ ਕਾਂਗਰਸੀ ਆਗੂ ਦਲਜੀਤ ਕੌਰ ਜਰਮਨੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਨਵਾਂ ਗਾਉਂ ਵਿੱਚ ਲਾਏ ਚੋਣ ਅਬਜ਼ਰਬਰ ਸੀਨੀਅਰ ਆਗੂ ਕਮਲਜੀਤ ਸੇਤੀਆ ਨੇ ਕਿਹਾ ਕਿ ਨਵਾਂ ਗਾਉਂ ਦੀ ਚੋਣ ਲਈ 16 ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਲੜਨਗੇ ਅਤੇ 2 ਉਮੀਦਵਾਰ ਆਜ਼ਾਦ ਖੜੇ ਕੀਤੇ ਗਏ ਹਨ।
ਕੀਰਤਪੁਰ ਸਾਹਿਬ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਕੀਰਤਪੁਰ ਸਾਹਿਬ ਨਗਰ ਕੌਂਸਲ ਦੇ ਵਿਚ ਪਹਿਲੀ ਦਫ਼ਾ ਸਥਾਨਕ ਸਰਕਾਰਾਂ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਤੱਕ ਕੁਲ 75 ਉਮੀਦਵਾਰਾਂ ਨੇ ਕੀਰਤਪੁਰ ਸਾਹਿਬ ਨਗਰ ਕੌਂਸਲ ਦੇ ਵੱਖ ਵੱਖ ਵਾਰਡਾਂ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਰੂਪਨਗਰ (ਪੱਤਰ ਪ੍ਰੇਰਕ): ਨਗਰ ਕੌਂਸਲ ਚੋਣਾਂ ਲਈ ਰੂਪਨਗਰ ਸ਼ਹਿਰ ਦੇ ਕੁੱਲ 21 ਵਾਰਡਾਂ ਲਈ ਕੁੱਲ 122 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਐੱਸਡੀਐੱਮ ਦਫਤਰ ਬਾਹਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਪਾਰਟੀ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਵਾਉਣ ਲਈ ਪੁੱਜੇ ਤਾਂ ਉਨ੍ਹਾਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਦੇ ਜਵਾਬ ਵਿੱਚ ਉੱਥੇ ਖੜ੍ਹੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ।
ਅਕਾਲੀ ਦਲ ਦਾ ਚੋਣ ਨਿਸ਼ਾਨ ਲੈਣ ਤੋਂ ਪਿੱਛੇ ਹਟੇ ਉਮੀਦਵਾਰ
ਮੋਰਿੰਡਾ (ਪੱਤਰ ਪ੍ਰੇਰਕ): ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਐੱਸਡੀਐੱਮ ਦਫਤਰ ਮੋਰਿੰਡਾ ’ਚ ਕਾਫੀ ਗਹਿਮਾ-ਗਹਿਮੀ ਰਹੀ ਤੇ ਕੁੱਲ ਮਿਲਾ ਕੇ 119 ਉਮੀਦਵਾਰਾਂ ਵਲੋਂ ਐੱਸ.ਡੀ.ਐੱਮ. ਦਫਤਰ ਮੋਰਿੰਡਾ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ। ਕਾਂਗਰਸ ਪਾਰਟੀ ਵਲੋਂ 14 ਵਾਰਡਾਂ ਵਿੱਚ ਚੋਣ ਲੜੀ ਜਾ ਰਹੀ ਹੈ। ਅਕਾਲੀ ਦਲ ਬਾਦਲ ਨੇ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਵਿੱਚ ਹੀ 15 ਵਾਰਡਾਂ ਵਿੱਚੋਂ 11 ਵਾਰਡਾਂ ਵਿੱਚ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਲਈ 11 ਉਮੀਦਵਾਰਾਂ ਦੀ ਚੋਣ ਕੀਤੀ ਸੀ ਪਰ ਹੌਲੀ-ਹੌਲੀ ਸਾਰੇ ਹੀ ਅਕਾਲੀ ਪੱਖੀ ਉਮੀਦਵਾਰ ਪਾਰਟੀ ਦਾ ਚੋਣ ਨਿਸ਼ਾਨ ਲੈਣ ਤੋਂ ਪਿੱਛੇ ਹਟਣੇ ਸ਼ੁਰੂ ਹੋ ਗਏ ਅਤੇ ਸਭਨਾਂ ਨੇ ਹੀ ਆਪਣੀਆਂ ਨਾਮਜ਼ਦਗੀਆਂ ਆਜ਼ਾਦ ਉਮੀਦਵਾਰ ਵਜੋਂ ਭਰ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਮਨਦੀਪ ਚਾਵਲਾ ਨੇ ਦੱਸਿਆ ਕਿ ਨਾਮਜ਼ਦਗੀ ਕਾਗਜਾਂ ਨੂੰ ਵਾਪਸ ਲੈਣ ਦੀ ਆਖਰੀ ਮਿਤੀ 5 ਫਰਵਰੀ 2021 ਹੈ।
ਬਨੂੜ ’ਚ ਭਾਜਪਾ ਨੂੰ ਨਹੀਂ ਮਿਲਿਆ ਕੋਈ ਉਮੀਦਵਾਰ
ਬਨੂੜ (ਪੱਤਰ ਪ੍ਰੇਰਕ): ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਲਈ ਇਸ ਵਾਰ ਭਾਜਪਾ ਨੂੰ ਕੋਈ ਵੀ ਅਧਿਕਾਰਿਤ ਉਮੀਦਵਾਰ ਨਹੀਂ ਮਿਲਿਆ ਹੈ। ਭਾਜਪਾ ਦੇ ਦੋ ਅਹੁਦੇਦਾਰ ਸਾਬਕਾ ਕੌਂਸਲਰ ਹੈਪੀ ਕਟਾਰੀਆ ਅਤੇ ਸਾਧੂ ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀਆਂ ਪਤਨੀਆਂ ਨੂੰ ਆਜ਼ਾਦ ਉਮੀਦਵਾਰਾਂ ਵੱਲੋਂ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਦਾ ਇੱਕ ਸਥਾਨਕ ਆਗੂ ਆਜ਼ਾਦ ਉਮੀਦਵਾਰਾਂ ਦੀ ਸਹਾਇਤਾ ਲਈ ਸ਼ਹਿਰ ਵਿੱਚ ਸਰਗਰਮ ਹੈ। ਬਨੂੜ ਕੌਂਸਲ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੱਲ ਨਾਮਜ਼ਦਗੀਆਂ ਦਾਖਲ ਕਰਾਈਆਂ ਗਈਆਂ ਸਨ। ਅੱਜ ਅਕਾਲੀ ਦਲ ਨੇ 13 ਨਾਮਜ਼ਦਗੀ ਫਾਰਮ ਭਰੇ, ਜਿਨ੍ਹਾਂ ਵਿੱਚੋਂ ਨੌਂ ਉਮੀਦਵਾਰਾਂ ਨਾਲ ਚਾਰ ਕਵਰਿੰਗ ਉਮੀਦਵਾਰ ਸਨ।