ਪੀ.ਪੀ. ਵਰਮਾ
ਪੰਚਕੂਲਾ, 6 ਅਗਸਤ
ਇੱਥੇ ਅੱਜ ਦੁਪਹਿਰ ਵੇਲੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸੈਕਟਰ-5 ਦੇ ਪੁਲੀਸ ਥਾਣੇ ਵਿੱਚ ਅਚਾਨਕ ਛਾਪਾ ਮਾਰਿਆ ਤੇ ਕੰਮਕਾਜ ਵਿਚ ਕਈ ਤਰ੍ਹਾਂ ਦੀਆਂ ਉਣਤਾਈਆਂ ਪਾਏ ਜਾਣ ’ਤੇ ਥਾਣਾ ਮੁਖੀ ਸਣੇ ਚਾਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸੈਕਟਰ-5 ਦੇ ਪੁਲੀਸ ਥਾਣੇ ਪਹੁੰਚਦੇ ਹੀ ਪੁਲੀਸ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਸ੍ਰੀ ਵਿੱਜ ਨੇ ਥਾਣੇ ਵਿੱਚ ਬੈਠ ਕੇ ਰੋਜ਼ਨਾਮਚਾ ਰਜਿਸਟਰ, ਹਾਜ਼ਰੀ ਰਜਿਸਟਰ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਚੈੱਕ ਕੀਤੇ। ਇਸ ਦੌਰਾਨ ਥਾਣੇ ਦੀ ਚੈਕਿੰਗ ਕਰਦੇ ਹੋਏ ਕਾਗਜ਼ਾਂ ਵਿੱਚੋਂ ਕਈ ਨੋਟ ਵੀ ਲੱਭੇ, ਜਿਸ ’ਤੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਫਟਕਾਰ ਲਗਾਈ। ਗ੍ਰਹਿ ਮੰਤਰੀ ਨੇ ਫੀਲਡ ਵਿਚ ਗਏ ਹੋਏ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਥਾਣੇ ਵਿਚ ਰਿਪੋਰਟ ਕਰਨ ਲਈ ਕਿਹਾ। ਸ੍ਰੀ ਵਿੱਜ ਨੇ ਮੌਕੇ ’ਤੇ ਕਈ ਪੁਲੀਸ ਅਧਿਕਾਰੀਆਂ ਦੀ ਜਵਾਬ ਤਲਬੀ ਕੀਤੀ। ਉਨ੍ਹਾਂ ਚੈਕਿੰਗ ਦੌਰਾਨ ਹੌਲਦਾਰ ਮੁਨਸ਼ੀ ਦੇ ਰੋਜ਼ਨਾਮਚਾ ਰਜਿਸਟਰ ਵਿੱਚ ਕਈ ਗਲਤੀਆਂ ਲੱਭੀਆਂ ਅਤੇ ਹਾਜ਼ਰੀ ਰਜਿਸਟਰ ਵਿੱਚ ਵੀ ਕਈ ਖਾਮੀਆਂ ਪਾਈਆਂ ਗਈਆਂ।
ਗ੍ਰਹਿ ਮੰਤਰੀ ਨੇ ਥਾਣੇ ਦਾ ਉਹ ਰਿਕਾਰਡ ਵੀ ਦੇਖਿਆ ਜਿਸ ਵਿੱਚ ਸਾਰੇ ਸਟਾਫ ਦੇ ਮੈਂਬਰਾਂ ਦਾ ਵੇਰਵਾ ਹੁੰਦਾ ਹੈ। ਉਨ੍ਹਾਂ ਕਈ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਬਾਰੇ ਸਵਾਲ ਕਰਦਿਆਂ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਅਰਜ਼ੀਆਂ ਦਿਖਾਉਣ ਲਈ ਕਿਹਾ। ਇਸ ਦੌਰਾਨ ਕੰਮਕਾਜ ਵਿਚ ਕਈ ਤਰ੍ਹਾਂ ਦੀਆਂ ਉਣਤਾਈਆਂ ਪਾਏ ਜਾਣ ’ਤੇ ਸ੍ਰੀ ਵਿੱਜ ਨੇ ਪੁਲੀਸ ਥਾਣਾ ਸੈਕਟਰ-5 ਦੇ ਮੁਖੀ ਲਲਿਤ ਕੁਮਾਰ ਤੋਂ ਇਲਾਵਾ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਅਜੈ ਕੁਮਾਰ, ਮਨਦੀਪ ਤੇ ਡਿੰਪਲ ਕੁਮਾਰ ਨੂੰ ਮੁਅੱਤਲ ਕਰਨ ਅਤੇ ਡਿੰਪਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ।
ਇਸ ਦੌਰਾਨ ਸ੍ਰੀ ਵਿੱਜ ਨੇ ਕਿਹਾ ਕਿ ਉਂਝ ਤਾਂ ਸਾਰਾ ਥਾਣੇ ਮੁਅੱਤਲ ਕਰਨਾ ਬਣਦਾ ਸੀ ਪਰ ਇਸ ਨਾਲ ਕੰਮ ਰੁਕ ਜਾਣਾ ਸੀ। ਉਨ੍ਹਾਂ ਕਿਹਾ ਕਿ ਹਰੇਕ ਪਾਸੇ ਬੇਨਿਯਮੀਆਂ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਚੈਕਿੰਗ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਕਈ ਕਾਗਜ਼ ਉਨ੍ਹਾਂ ਤੋਂ ਲੁਕੋ ਲਏ ਜਿਸ ਕਾਰਨ ਅਜੇ ਪੂਰੀ ਤਰ੍ਹਾਂ ਦਸਤਾਵੇਜ਼ਾਂ ਦੀ ਜਾਂਚ ਨਹੀਂ ਹੋ ਸਕੀ।
‘ਮ੍ਹਾਰੀ ਛੋਰੀਆਂ ਟੋਕੀਓ ਮੇਂ ਡਟ ਕਰ ਲੜੀ ਸੈਂ’
ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ, ‘‘ਕਾਂਗਰਸ ਏਸ਼ਿਆਡ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਬਿਨਾ ਹੀ ਭੱਜ ਗਈ ਸੀ। ਉਹ ਇਨਾਮ ਵੀ ਭਾਜਪਾ ਸਰਕਾਰ ਨੇ ਆ ਕੇ ਖਿਡਾਰੀਆਂ ਨੂੰ ਦਿੱਤੇ ਸਨ। ਉਹ ਅੱਜ ਸਵੇਰੇ ਛਾਉਣੀ ਦੇ ਸਦਰ ਬਾਜ਼ਾਰ ਚੌਕ ਵਿਚਲੇ ਟੀ-ਪੁਆਇੰਟ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਭਾਰਤੀ ਮਹਿਲਾ ਹਾਕੀ ਟੀਮ ਬਾਰੇ ਸ੍ਰੀ ਵਿੱਜ ਨੇ ਕਿਹਾ, ‘‘ਮ੍ਹਾਰੀ ਛੋਰੀਆਂ ਟੋਕੀਓ ਮੇਂ ਡਟ ਕਰ ਲੜੀ ਸੈਂ, ਅਬ ਜੀਤੋ ਯਾ ਹਾਰੋ, ਯੂ ਤੋ ਮੈਚ ਮਾ ਹੁਆ ਹੀ ਕਰੈ ਹੈ।’’ ਉਨ੍ਹਾਂ ਦੱਸਿਆ ਕਿ ਥਾਈਲੈਂਡ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਕਰੋਨਾ ਨਾਲ ਲੜਨ ਲਈ ਹਰਿਆਣਾ ਮਾਡਲ ਅਪਣਾਉਣ ਦੀ ਇੱਛਾ ਪ੍ਰਗਟਾਈ ਹੈ। ਇਸ ਸਬੰਧੀ 21 ਅਗਸਤ ਨੂੰ ਇਕ ਵੀਡੀਓ ਕਾਨਫ਼ਰੰਸਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਹਰਿਆਣਾ ਦੇ ਡਾਕਟਰ ਅਤੇ ਅਧਿਕਾਰੀ ਥਾਈਲੈਂਡ ਦੇ ਡਾਕਟਰਾਂ ਤੇ ਅਧਿਕਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ 15 ਅਗਸਤ ਨੂੰ ਤਿਰੰਗਾ ਨਾ ਚੜ੍ਹਾਏ ਜਾਣ ਦੀ ਦਿੱਤੀ ਗਈ ਧਮਕੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਤਿਰੰਗਾ ਜਾਨ ਤੋਂ ਵੀ ਪਿਆਰਾ ਹੈ, ਅਸੀਂ ਇਸ ਬਾਰੇ ਕਿਸੇ ਤਰ੍ਹਾਂ ਦੀ ਅਪਮਾਨਿਤ ਭਾਸ਼ਾ ਨਹੀਂ ਸੁਣ ਸਕਦੇ। ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੋ ਕੋਈ ਕਾਰਵਾਈ ਹੋ ਸਕੀ, ਜ਼ਰੂਰ ਕਰਵਾਉਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੀਡੀਪੀ ਆਗੂ ਮਹਬਿੂਬਾ ਮੁਫ਼ਤੀ ਧਾਰਾ 370 ਬਹਾਲ ਹੋਣ ਦੇ ਸੁਫ਼ਨੇ ਲੈਂਦੀ ਹੋਈ ਹੀ ਚਲੀ ਜਾਵੇਗੀ।