ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜੁਲਾਈ
ਮੁਲਾਣਾ ਸਬ ਡਿਵੀਜ਼ਨ ਦੇ ਪਿੰਡ ਮਲਿਕਪੁਰ ਵਿਚ ਦਰਜਨਾਂ ਲੋਕਾਂ ਦੀ ਉਲਟੀਆਂ ਅਤੇ ਦਸਤ ਲੱਗਣ ਕਰਕੇ ਅਚਾਨਕ ਤਬੀਅਤ ਵਿਗੜ ਗਈ। ਬਰਾੜਾ ਦੇ ਮੁੱਢਲੇ ਸਿਹਤ ਕੇਂਦਰ ਵਿਚ ਡਾਕਟਰ ਬਿਮਾਰਾਂ ਦਾ ਇਲਾਜ ਕਰ ਰਹੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਸਿਹਤ ਕੇਂਦਰ ਵਿਚ ਦਾਖ਼ਲ ਕਰਾਇਆ ਗਿਆ ਹੈ, ਉਨ੍ਹਾਂ ਵਿਚ ਪੂਨਮ, ਮਨਦੀਪ, ਬਲਵੰਤ, ਕੇਸੋ ਦੇਵੀ, ਮਨਜੀਤ, ਰਾਮ ਦੇਵੀ, ਬਲਜੀਤ ਰਾਮ, ਓਮ ਪ੍ਰਕਾਸ਼ ਆਦਿ ਸ਼ਾਮਲ ਹਨ। ਪਿੰਡ ਦੇ ਓਮ ਪਾਲ ਨੇ ਦੱਸਿਆ ਕਿ ਕੱਲ੍ਹ ਅਚਾਨਕ ਕਈ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ ਜਿਨ੍ਹਾਂ ਵਿਚ ਉਸ ਦਾ ਬੇਟਾ ਵੀ ਸ਼ਾਮਲ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਸਡੀਐਮ ਵਿਜੇਂਦਰ ਸਿੰਘ, ਐਸਐਮਓ ਡਾ.ਪ੍ਰਤੀਕ ਸ਼ਰਮਾ, ਏਐਸਐਮਓ ਡਾ.ਬੀਰਬਲ, ਜਨ ਸਿਹਤ ਵਿਭਾਗ ਦੇ ਐਸਡੀਓ, ਜੇਈ ਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ। ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਜਨ ਸਿਹਤ ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲਏ ਗਏ। ਪਿੰਡ ਵਿਚ ਮੈਡੀਕਲ ਕੈਂਪ ਲਾ ਦਿੱਤਾ ਗਿਆ ਹੈ। ਜੇਈ ਅਮਨਦੀਪ ਨੇ ਕਿਹਾ ਕਿ ਪਿੰਡ ਵਿਚ ਪਾਣੀ ਦੀ ਲੀਕੇਜ ਨਹੀਂ ਮਿਲੀ। ਐਕਸੀਅਨ ਅਨਿਲ ਚੌਹਾਨ ਨੇ ਦੱਸਿਆ ਕਿ ਲੋਕ ਗੈਰਕਾਨੂੰਨੀ ਢੰਗ ਨਾਲ ਖ਼ੁਦ ਹੀ ਨਾਲਲੇ ਵਿਚ ਪਾਣੀ ਦਾ ਕੁਨੈਕਸ਼ਨ ਕਰ ਲੈਂਦੇ ਹਨ ਜਿਸ ਕਰਕੇ ਕਈ ਵੇਰ ਸਮੱਸਿਆ ਪੈਦਾ ਹੋ ਜਾਂਦੀ ਹੈ।