ਰਾਜਿੰਦਰ ਜੈਦਕਾ
ਅਮਰਗੜ੍ਹ, 6 ਅਗਸਤ
ਮਰੀਜ਼ ਦੀ ਸੰਭਾਲ ਨਾ ਕਰਨ ਤੋਂ ਖ਼ਫ਼ਾ ਲੋਕਾਂ ਨੇ ਹਸਪਤਾਲ ਦੇ ਅਮਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੁਮਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਭਤੀਜੇ ਬਿੱਟੂ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਨੌਵੀਂ ਕਲਾਸ ਵਿੱਚ ਪੜ੍ਹਦਾ ਸੀ, ਨੂੰ ਅੱਜ ਸਵੇਰੇ ਸੱਪ ਨੇ ਡੱਸ ਲਿਆ। ਜਦੋਂ ਉਹ ਬਿੱਟੂ ਨੂੰ ਹਸਪਤਾਲ ਲੈ ਕੇ ਆਏ ਤਾਂ ਕੋਈ ਡਾਕਟਰ ਹਾਜ਼ਰ ਨਹੀਂ ਸੀ। ਉਸ ਨੂੰ ਨਾਭਾ ਰੈਫਰ ਕਰ ਦਿੱਤਾ। ਐਂਬੂਲੈਂਸ ਵਾਲੇ ਨੇ ਵੀ ਉਨ੍ਹਾਂ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਹ ਮੋਟਰਸਾਈਕਲ ’ਤੇ ਹੀ ਉਸ ਨੂੰ ਨਾਭਾ ਹਸਪਤਾਲ ਲੈ ਗਏ। ਨਾਭਾ ਹਸਪਤਾਲ ਦੇ ਡਾਕਟਰਾਂ ਵੱਲੋਂ ਬਿਨਾਂ ਕੋਈ ਮੁੱਢਲੀ ਸਹਾਇਤਾ ਦਿੰਦਿਆਂ ਪਟਿਆਲਾ ਭੇਜ ਦਿੱਤਾ। ਰਾਜਿੰਦਰਾ ਹਸਪਤਾਲ ਦੇ ਡਾਕਟਰ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਰਾਜਪੁਰਾ ਕੋਲ ਪਹੁੰਚੇ ਤਾਂ ਲੜਕੇ ਦੀ ਮੌਤ ਹੋ ਗਈ।
ਵਾਰਡ ਨੰਬਰ 2 ਦੇ ਐਸਸੀ ਮਾਸਟਰ ਸ਼ੇਰ ਸਿੰਘ ਨੇ ਨਾਅਰੇਬਾਜ਼ੀ ਕਰਦਿਆਂ ਗੈਰਹਾਜ਼ਰ ਡਾਕਟਰ ਤੇ ਐਂਬੂਲੈਂਸ ਵਾਲੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਸੁਖਦੇਵ ਸਿੰਘ ਨੇ ਕਿਹਾ ਕਿ ਭਾਵੇਂ ਅਮਰਗੜ੍ਹ ਨੂੰ ਸਬ-ਡਿਵੀਜ਼ਨ ਦਾ ਰੁਤਬਾ ਦਿੱਤਾ ਗਿਆ ਹੈ ਪਰ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ। ਇਸ ਮੌਕੇ ਚੀਨੂੰ ਕੌਸ਼ਲ, ਲਾਡਵਿੰਦਰ ਸਿੰਘ ਲਾਡੀ, ਨਿਰਮਲ ਸਿੰਘ, ਸੁਖਦੇਵ ਸਿੰਘ, ਜੈ ਦੀਪ ਸਿੰਘ, ਸੁਮਿਤ ਕੁਮਾਰ ਤੇ ਰੌਸ਼ਨ ਲਾਲ ਆਦਿ ਹਾਜ਼ਰ ਸਨ। ਡਾ. ਆਕਾਸ਼ ਜੈਨ ਨੇ ਦੱਸਿਆ ਕਿ ਰਾਤ ਸਮੇਂ ਉਸ ਨੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਨਾਭਾ ਰੈਫਰ ਕੀਤਾ ਸੀ। ਉਨ੍ਹਾਂ ਕਿਹਾ ਕਿ ਐਂਬੂਲੈਂਸ ਬੁਲਾਉਣ ਲਈ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਾ ਚੁੱਕਿਆ। ਅਮਰਗੜ੍ਹ ਵਿੱਚ ਖੜ੍ਹੀ ਐਂਬੂਲੈਂਸ ਵਾਲੇ ਨੇ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਪਰੋਂ ਫੋਨ ਨਹੀਂ ਆਇਆ।