ਸੀ. ਮਾਰਕੰਡਾ
ਡਾ. ਧਰਮਪਾਲ ਸਾਹਿਲ ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜਿਆ ਇੱਕ ਪ੍ਰੋੜ ਹਸਤਾਖ਼ਰ ਹੈ। ਅਧਿਆਪਨ ਕਿੱਤੇ ਨਾਲ ਜੁੜੇ ਇਸ ਲੇਖਕ ਦੀਆਂ ਵੱਖ ਵੱਖ ਵੰਨਗੀ ਦੀਆਂ ਅਨੇਕਾਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਿੰਦੀ ਵਿੱਚ ਵੀ ਲੇਖਕ ਨਾਲੋ ਨਾਲ ਲਿਖ ਰਿਹਾ ਹੈ। ਧਰਮਪਾਲ ਸਾਹਿਲ ਦਾ ਨਵਾਂ ਨਾਵਲ ‘ਮਣ੍ਹੇ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪਾਠਕ ਦਾ ਧਿਆਨ ਖਿੱਚਦਾ ਹੈ। ਬੇਸ਼ੱਕ ਪਹਿਲੀ ਨਜ਼ਰੇ ਇਸ ਨਾਵਲ ਦਾ ਨਾਮ ਅਜੀਬ ਜਿਹਾ ਪ੍ਰਤੀਤ ਹੁੰਦਾ ਹੈ। ਅਜੋਕੀ ਪੀੜ੍ਹੀ ਨੂੰ ਸ਼ਾਇਦ ਇੰਟਰਨੈੱਟ ਤੋਂ ਇਸ ਦਾ ਮਤਲਬ ਦੇਖਣਾ ਪਵੇ। ਫ਼ੌਜੀ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਦੇ ਹਨ ਅਤੇ ਕਿਰਸਾਨ ਮਣ੍ਹੇ ’ਤੇ ਬੈਠ ਕੇ ਰਾਤਾਂ ਨੂੰ ਫ਼ਸਲਾਂ ਦੀ। ਜਵਾਨ ਤੇ ਕਿਸਾਨ ਆਪੋ ਆਪਣੀ ਥਾਂ ਹਮੇਸ਼ਾਂ ਖ਼ਤਰਿਆਂ ਨਾਲ ਜੂਝਦੇ ਹਨ। ਨਾਵਲਕਾਰ ਨੇ ਨਾਵਲ ਨੂੰ 43 ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਭਾਗ ਪੜ੍ਹਦਿਆਂ ਹੀ ਪਾਠਕ ਨੂੰ ਅੱਗੇ ਜਾਣਨ ਦੀ ਇੱਛਾ ਹੁੰਦੀ ਹੈ। ਪਹਿਲਾ ਅਧਿਆਏ ਛਿੰਜ ਮੇਲਾ ਹੀ ਇੰਨਾ ਰੌਚਕ ਹੈ ਕਿ ਪਾਠਕ ਬੰਨ੍ਹਿਆ ਜਾਂਦਾ ਹੈ। ਪਿੰਡ ਹਰੀਪੁਰ ਦਾ ਛਿੰਜ ਮੇਲਾ ਪਾਠਕ ਨੂੰ ਨਾਲ ਲੈ ਕੇ ਤੁਰਦਾ ਹੈ। ਲੇਖਕ ਅਨੁਸਾਰ ਛਿੰਜ ਮੇਲਾ ਵਿਰਾਸਤੀ ਖੇਡਾਂ, ਧਾਰਮਿਕ ਆਸਥਾ ਤੇ ਲੋਕ ਸਭਿਆਚਾਰ ਦਾ ਅਦਭੁੱਤ ਸੰਗਮ ਹੁੰਦਾ ਹੈ। ਮੇਲਾ ਬੱਚਿਆਂ ਲਈ ਵੀ ਉਤਸ਼ਾਹ ਦਾ ਸਬੱਬ ਅਤੇ ਨੌਜਵਾਨਾਂ ਲਈ ਵੀ ਹਿੰਮਤ ਹੌਸਲੇ ਦਾ ਪ੍ਰਤੀਕ। ਕੁੜੀਆਂ, ਤੀਵੀਆਂ ਲਈ ਖਰੀਦੋ ਫਰੋਖਤ ਦਾ ਮੇਲ ਮਿਲਾਪੀ ਅਸਥਾਨ। ਸਕੂਲ ਦਾ ਮਾਸਟਰ ਕੰਜ ਕੁਮਾਰ ਵਧੇਰੇ ਉਤਸ਼ਾਹਿਤ ਹੁੰਦਾ ਹੈ ਕਿਉਂਕਿ ਉਸ ਨੇ ਸਟੇਜ ਤੋਂ ਬੋਲ ਕੇ ਮੇਲੇ ਦਾ ਹਾਲ ਬਿਆਨ ਕਰਨਾ ਹੁੰਦਾ ਹੈ। ਇਸ ਨਾਵਲ ਦਾ ਇੱਕ ਹੋਰ ਕਾਂਡ ਬਾਬਾ ਬੱਕਰੀਆਂ ਵਾਲਾ ਵੀ ਦਿਲਚਸਪੀ ਤੋਂ ਖਾਲੀ ਨਹੀਂ। ਬਾਬੇ ਦੀ ਅੱਲ੍ਹ ਹੈ ਬੱਕਰੀਆਂ ਵਾਲਾ ਬਾਬਾ। ਲੇਖਕ ਉਸ ਬਾਰੇ ਆਪਣੇ ਸ਼ਬਦਾਂ ਨਾਲ ਬਿਆਨ ਕਰਦਾ ਹੈ- ਪੰਜਾਹ ਪਚਵੰਜਾ ਦੀ ਉਮਰ, ਉੱਚਾ ਕੱਦ ਕਾਠ, ਭਲਵਾਨਾਂ ਵਰਗਾ ਕਮਾਇਆ ਰਿਸ਼ਟ-ਪੁਸ਼ਟ ਸਰੀਰ। ਸਿਰ ’ਤੇ ਲੰਮੀਆਂ ਜਟਾਂ, ਮੋਢਿਆਂ ’ਤੇ ਸਪੋਲੀਆਂ ਵਰਗੇ ਕੁੰਡਲ ਲਮਕਦੇ। ਰੋਜ਼ਾਨਾ ਦਾੜ੍ਹੀ ਬਣਾ ਕੇ ਰੱਖਦਾ। ਭਲਵਾਨੀ ਦੇਹ ’ਤੇ ਸਿਰਫ਼ ਪਤਲੀ ਜਿਹੀ ਚਿੱਟੀ ਚਾਦਰ ਲਪੇਟੀ ਹੁੰਦੀ। ਸਰਦੀ ਗਰਮੀ ਵਿੱਚ ਇੱਕੋ ਪਹਿਰਾਵਾ। ਬਗਲ ਵਿੱਚ ਖ਼ਾਸ ਕਿਸਮ ਦੀ ਕਢਾਈ ਕੀਤੀ ਹੋਈ ਬਗਲੀ। ਪੈਰਾਂ ਵਿੱਚ ਮੋਟੇ ਟਾਇਰ ਸੋਲ ਵਾਲੀ ਜੁੱਤੀ। ਗਲ ਵਿੱਚ ਰੁਦਰਾਖ ਦੀ ਮਾਲਾ। ਡੌਲਿਆਂ ਦੀਆਂ ਮਛਲੀਆਂ ਤੇ ਗਲ ਨਾਲ ਬੱਝਾ ਤਵੀਤ। ਪਿਚਕੀਆਂ ਗੱਲ੍ਹਾਂ ਤੇ ਉਭਰੀਆਂ ਹੱਡੀਆਂ ਵਾਲਾ ਲੰਬੂਤਰਾ ਚਿਹਰਾ। ਉੱਚਾ ਚੌੜਾ ਮੱਥਾ। ਤਿੱਖਾ ਨੱਕ। ਪਤਲੇ ਬੁੱਲ੍ਹ ਜਿਹੜੇ ਸ਼ਾਇਦ ਬੀੜੀ ਜਾਂ ਸਿਗਰਟ ਪੀਣ ਕਰਕੇ ਧੁਆਂਖੇ ਗਏ ਸਨ। ਉਨ੍ਹਾਂ ’ਤੇ ਪਤਲੀ ਜਿਹੀ ਕਾਲਖ਼ ਚੜ੍ਹ ਆਈ ਸੀ। ਦੋਵੇਂ ਹੱਥਾਂ ਦੀਆਂ ਉਂਗਲਾਂ, ਰੰਗ-ਬਿਰੰਗੇ ਨਗਾਂ-ਪੱਥਰਾਂ ਵਾਲੀਆਂ ਮੁੰਦਰੀਆਂ ਨਾਲ ਫੱਬਦੀਆਂ…।
ਨਾਵਲ ਕੰਢੀ ਇਲਾਕੇ ਦੇ ਪੇਂਡੂ ਜਨ ਜੀਵਨ ਨਾਲ ਸਬੰਧਿਤ ਇੱਕ ਰੌਚਕ ਰਚਨਾ ਹੈ। ਬੇਸ਼ੱਕ ਆਕਾਰ ਪੱਖੋਂ ਵੱਡੀ ਰਚਨਾ ਪੜ੍ਹਨੀ ਸਾਧਾਰਨ ਪਾਠਕ ਨੂੰ ਥੋੜ੍ਹਾ ਔਖਾ ਜ਼ਰੂਰ ਕਰੇਗੀ, ਪਰ ਪਹਿਲੇ ਤਿੰਨ ਚਾਰ ਅਧਿਆਇਆਂ ਤੋਂ ਬਾਅਦ ਘਟਨਾਵਾਂ ਤੇਜ਼ੀ ਨਾਲ ਫ਼ਿਲਮੀ ਅੰਦਾਜ਼ ਵਿੱਚ ਵਾਪਰਦੀਆਂ ਹਨ। ਖ਼ੈਰ! ਇਹ ਨਾਵਲ ਆਰੰਭ ਤੋਂ ਅੰਤ ਤੱਕ ਪਾਠਕ ਨੂੰ ਨਾਲ ਲੈ ਕੇ ਤੁਰਦਾ ਹੈ। ਇਸ ਦੇ ਬਾਵਜੂਦ ਮੇਰਾ ਕਹਿਣਾ ਤੇ ਮੰਨਣਾ ਹੈ ਕਿ ਇਸ ਦਾ ਆਕਾਰ ਘਟਾਇਆ ਵੀ ਜਾ ਸਕਦਾ ਸੀ। ਬੇਲੋੜਾ ਵਿਸਤਾਰ ਨਾ ਦਿੱਤਾ ਜਾਂਦਾ ਤਾਂ ਇਸ ਨੇ ਹੋਰ ਵੀ ਸਸ਼ਕਤ ਗਲਪ ਰਚਨਾ ਬਣ ਜਾਣਾ ਸੀ। ਇਸ ਦੇ ਬਾਵਜੂਦ ਨਾਵਲਕਾਰ ਆਪਣੇ ਮਨੋਰਥ ਵਿੱਚ ਕਾਮਯਾਬ ਰਿਹਾ ਹੈ। ਨਾਵਲ ਵਿੱਚ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਹੋਣੀਆਂ ਵੀ ਚਾਹੀਦੀਆਂ ਹਨ। ਨਾਵਲ ਵਿੱਚ ਬਹੁਤ ਸਾਰੇ ਪਾਤਰ ਹਨ। ਬਾਬਾ, ਜਗਦੀਸ਼, ਦਿਲਾਵਰ, ਚੰਚਲੋ, ਰੌਸ਼ਨੀ, ਜੈਲਾ, ਕੈਲਾ, ਮੋਹਨਾ, ਦਿਆਲਾ, ਜੀਤਾ…। ਮੁੱਖ ਪਾਤਰਾਂ ਦੇ ਨਾਲ ਨਿੱਕੇ ਨਿੱਕੇ ਪਾਤਰ ਵੀ ਵਿਚਰਦੇ ਹਨ। ਆਪੋ ਆਪਣੀ ਸ਼ਖ਼ਸੀਅਤ ਤੇ ਸੁਭਾਅ ਦੇ ਅਨੁਕੂਲ। ਲੇਖਕ ਦੇ ਹੱਥਾਂ ਵਿੱਚ ਕਠਪੁਤਲੀ ਨਹੀਂ ਬਣਦੇ। ਇਹੋ ਇਸ ਨਾਵਲ ਦੀ ਖ਼ਾਸੀਅਤ ਹੈ। ਦਰਅਸਲ, ਨਾਵਲਕਾਰ ਨੇ ਆਪਣੇ ਇਲਾਕੇ ਨੂੰ ਖ਼ੂਬਸੂਰਤੀ ਨਾਲ ਚਿਤਵਿਆ ਤੇ ਚਿਤਰਿਆ ਹੈ। ਮਾਹੌਲ ਤੇ ਕਿਰਦਾਰਾਂ ਨੂੰ ਨੇੜਿਓਂ ਜਾਣਨ ਸਮਝਣ ਕਰਕੇ ਹੀ ਅਜਿਹਾ ਵਾਪਰਿਆ ਹੈ। ਕਿਰਸਾਨੀ ਬਹੁਤ ਔਖਾ ਕਾਰਜ ਹੈ। ਪਹਾੜੀ ਜੰਗਲੀ ਇਲਾਕੇ ਵਿੱਚ ਹੋਰ ਵੀ ਔਖਾ ਕਿਉਂਕਿ ਰਾਤਾਂ ਨੂੰ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਉਜਾੜਨ ਦਾ ਖ਼ਤਰਾ ਹਮੇਸ਼ਾਂ ਬਣਿਆ ਰਹਿੰਦਾ ਹੈ। ਬਿੱਛੂ, ਸੱਪਾਂ ਤੇ ਹੋਰ ਜ਼ਹਿਰੀਲੇ ਕੀੜਿਆਂ ਦਾ ਖ਼ਤਰਾ ਇਸ ਤੋਂ ਵੱਖਰਾ! ਫ਼ਸਲਾਂ ਦਾ ਉਜਾੜਾ ਕਰਨ ਵਾਲੇ ਜਾਨਵਰਾਂ ਨੂੰ ਭੁਤਰਾਂ ਦਾ ਝੁੰਡ ਕਰਕੇ ਜਾਣਿਆ ਜਾਂਦਾ ਹੈ। ਜੇਕਰ ਨਾਵਲਕਾਰ ਹਿੰਦੀ ਸ਼ਬਦ ਵਰਤਣ ਤੋਂ ਗੁਰੇਜ਼ ਕਰਦਾ ਤਾਂ ਚੰਗਾ ਹੁੰਦਾ ਜਿਵੇਂ ਵਿਕਲਪ, ਵਿਪਦਾਵਾਂ ਵਗੈਰਾ ਵਗੈਰਾ। ਇਹ ਚੰਗੀ ਗੱਲ ਰਹੀ ਕਿ ਸਾਹਿਲ ਨੇ ਪਾਤਰਾਂ ਦੀ ਬੋਲੀ ਇਲਾਕੇ ਦੀ ਹੀ ਰੱਖੀ ਹੈ ਜਿਵੇਂ ਉਹ ਸੁਭਾਵਿਕ ਬੋਲਦੇ ਹਨ। ਮਿਸਾਲ ਵਜੋਂ, ਤੁਹਾਡੇ ਪਿਤਾ ਠੀਕ ਹੋਣ, ਰਾਤੀਂ ਜਿਸਲੇ ਗਏ ਹੇ ਬੁਖਾਰ ਹਾ। ਮਜਬੂਰੀ ਕਰੀ ਕੇ ਜਾਣਾ ਪਿਆ ਹਾ। ਸਿਹਤ ਮਤੀ ਖ਼ਰਾਬ ਨਾ ਹੋਈ ਗਈ ਹੋਵੇ। ਬਸ ਈਆਂ ਈ ਮਰਦਾ-ਖੱਪਦਾ ਰੈਂਹਦਾ ਇਹ ਬੰਦਾ ਸਾੜੀ ਖ਼ਾਤਰ, ਆਪਣੀ ਤੁਣਾ ਕੁ ਬੀ ਪਰਵਾਹ ਨੀਂ ਕਰਦਾ।
ਇਸ ਆਂਚਲਿਕ ਨਾਵਲ ਦੇ ਅਧਿਆਇਆਂ ਨੂੰ 1, 2 ਜਾਂ ੳ, ਅ ਦੀ ਥਾਂ ਸਿਰਲੇਖ ਦਿੱਤੇ ਗਏ ਹਨ ਜਿਵੇਂ ਧੋਬੀ ਪਟਕਾ, ਚੁਣੌਤੀ, ਸਵਰਗ ਹੇਠਾਂ ਨਰਕ, ਨਵੀਂ ਰੌਸ਼ਨੀ, ਅਨਜਾਣ ਰਾਹਾਂ ਤੇ, ਕੂੰਜ ਕਥਾ, ਚੰਚਲੋ-ਕੁੰਜੂਆ, ਹਮਲਾ, ਖੁੁੱਲ੍ਹਦੇ ਭੇਤ ਆਦਿ। ਕੰਢੀ ਇਲਾਕੇ ਦੇ ਵਾਤਾਵਰਣ, ਜੀਵਨ ਅਤੇ ਪਾਤਰਾਂ ਨੂੰ ਜਾਣਨ ਲਈ ਇਹ ਨਾਵਲ ਪੜ੍ਹਿਆ ਜਾ ਸਕਦਾ ਹੈ। ਨਾਵਲ ਦੀ ਸਫ਼ਲਤਾ ਵੀ ਇਸੇ ਵਿੱਚ ਨਿਹਿਤ ਹੈ।
ਸੰਪਰਕ: 98145-07693