ਖੇਤਰੀ ਪ੍ਰਤੀਨਿਧ
ਧੂਰੀ, 31 ਮਈ
ਸ਼ਹਿਰ ਦੇ ਕਈ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ ਅੱਧ ਵਿਚਕਾਰ ਰੁਕਣ ਕਾਰਨ ਵਾਰਡ ਨੰਬਰ 17 ਦੇ ਲੋਕਾਂ ਵੱਲੋਂ ਨਗਰ ਕੌਂਸਲ ਧੂਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਾਜ਼ੀਗਰ ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪੁੰਨੂੰ ਵਲਜੋਤ ਨੇ ਕਿਹਾ ਵਾਰਡ ਨੰਬਰ 17, ਬਾਜ਼ੀਗਰ ਬਸਤੀ ਕੋਲ ਵਿਕਾਸ ਕਾਰਜ ਲੰਮੇ ਸਮੇਂ ਤੋਂ ਅੱਧ ਵਿਚਾਲੇ ਲਟਕ ਰਹੇ ਹਨ ਜਿਸ ਕਾਰਨ ਮੁਹੱਲੇ ਦੇ ਲੋਕ ਅਪਣੇ ਘਰਾਂ ਵਿੱਚ ਜਾਣ ਸਮੇਂ ਅਨੈਕਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਇਸ ਸਬੰਧੀ ਠੇਕੇਦਾਰ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਵੀ ਕੋਈ ਠੋਸ ਜਵਾਬ ਨਹੀਂ ਦਿੰਦਾ ਤੇ ਨਾ ਕੋਈ ਨਗਰ ਕੌਂਸਲ ਧੂਰੀ ਵਿੱਚ ਉਨ੍ਹਾਂ ਦੀ ਗੱਲ ਸੁਣਦਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਦੇ ਹਲਕੇ ਧੂਰੀ ਅੰਦਰ ਇਹ ਹਾਲ ਹੈ ਪੂਰੇ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਕੀ ਸਥਿਤੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਧੂਰੀ ਦੇ ਕਾਰਜਸਾਧਕ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਹ ਜਲਦ ਮੌਕਾ ਵੇਖ ਕੇ ਕੰਮ ਸ਼ੁਰੂ ਕਰਵਾਉਣਗੇ, ਜੇ ਨਵੇਂ ਟੈਂਡਰ ਪਾਉਣੇ ਪਏ ਉਹ ਵੀ ਪਾ ਦਿੱਤੇ ਜਾਣਗੇ। ਇਸ ਮੌਕੇ ਬਿਲਾ ਸਿੰਘ, ਮਨਜੀਤ, ਸੁਰਜੀਤ, ਜੁਗਨੂੰ, ਸੁੱਚਾ ਸਿੰਘ ਹੋਰ ਮੁਹੱਲਾ ਵਾਸੀ ਹਾਜ਼ਰ ਸਨ।