ਪਾਲ ਸਿੰਘ ਨੌਲੀ
ਜਲੰਧਰ, 1 ਮਈ
ਕਮਿਸ਼ਨਰੇਟ ਪੁਲੀਸ ਨੇ ਲੌਕਡਾਊਨ ਦੀ ਆੜ ਹੇਠ ਉਸਾਰੀ ਦਾ ਕੰਮ ਕਰਦੇ ਮਜ਼ਦੂਰਾਂ ਨੂੰ ਥਾਣੇ ਬਿਠਾਈ ਰੱਖਿਆ। ਮਾਡਲ ਟਾਊਨ ਵਿੱਚ ਤਿੰਨ ਥਾਵਾਂ ’ਤੇ ਚੱਲਦੇ ਉਸਾਰੀ ਦੇ ਕੰਮਾਂ ਨੂੰ ਪੁਲੀਸ ਨੇ ਡੰਡੇ ਦੇ ਜ਼ੋਰ ਨਾਲ ਰੁਕਵਾ ਦਿੱਤਾ। ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਥਾਣੇ ਡੱਕੀ ਰੱਖਿਆ ਤੇ ਮਾਲਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ ਜਦਕਿ ਪੰਜਾਬ ਸਰਕਾਰ ਦੀਆਂ ਜਾਰੀ ਕੀਤੀਆਂ ਗਾਈਡਲਾਈਨਾਂ ਅਨੁਸਾਰ ਉਸਾਰੀ ਦਾ ਕੰਮ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਗਾਈਡਲਾਈਨਾਂ ਨੂੰ ਟਿੱਚ ਜਾਣਦਿਆਂ ਕਮਿਸ਼ਨਰੇਟ ਪੁਲੀਸ ਨੇ ਮਾਡਲ ਟਾਊਨ ਦੇ ਤਿੰਨ ਥਾਵਾਂ ’ਤੇ ਉਸਾਰੀ ਦੇ ਕੰਮ ਰੁਕਵਾਏ।
ਇਸੇ ਇਲਾਕੇ ਦੇ ਇੱਕ ਘਰ ਵਿੱਚ ਚੱਲਦੀ ਉਸਾਰੀ ਦਾ ਕੰਮ ਰੁਕਵਾਉਂਦਿਆਂ ਪੁਲੀਸ ਨੇ ਘਰ ਦੇ ਮਾਲਕ ਤੇ ਤਿੰਨ ਮਜ਼ਦੂਰਾਂ ਨੂੰ ਚੁੱਕ ਕੇ ਥਾਣਾ ਡਿਵੀਜ਼ਨ ਨੰਬਰ 6 ਨੰਬਰ ਵਿੱਚ ਡੱਕੀ ਰੱਖਿਆ। ਮਾਡਲ ਟਾਊਨ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਤਾਂ ਛੇਤੀ ਛੱਡ ਦਿੱਤਾ ਗਿਆ ਸੀ ਪਰ ਪੁਲੀਸ ਨੇ ਕਥਿਤ ਤੌਰ ’ਤੇ ਉਸ ਦਾ ਮੋਬਾਈਲ ਖੋਹ ਲਿਆ ਤੇ ਲੰਮਾ ਸਮਾਂ ਥਾਣੇ ਬਿਠਾਈ ਰੱਖਿਆ। ਉਨ੍ਹਾਂ ਦੱਸਿਆ ਨੇ ਪੁਲੀਸ ਨੂੰ ਸਰਕਾਰ ਦੀਆਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵੀ ਦੱਸਿਆ ਗਿਆ ਸੀ ਕਿ ਉਸਾਰੀ ਦੇ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ ਪਰ ਪੁਲੀਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।
ਇਸ ਦੌਰਾਨ ਅਮਰਜੀਤ ਸਿੰਘ ਦੇ ਗੁਆਂਢ ਵਿੱਚ ਰਹਿਣ ਵਾਲਿਆਂ ਨੇ ਪੁਲੀਸ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਮਜ਼ਦੂਰਾਂ ਨੂੰ ਲੌਕਡਾਊਨ ਵਿੱਚ ਰੋਟੀ ਤਾਂ ਦੇ ਨਹੀਂ ਸਕਦੀ ਪਰ ਮਿਹਨਤ ਕਰਕੇ ਆਪਣੇ ਬੱਚੇ ਪਾਲਣ ਵਾਲੇ ਮਜ਼ਦੂਰਾਂ ’ਤੇ ਡੰਡੇ ਜ਼ਰੂਰ ਮਾਰ ਸਕਦੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਜਾਰੀ ਹੋਈਆਂ ਨਵੀਆਂ ਹਦਾਇਤਾਂ ਵਿੱਚ ਵੀ ਉਸਾਰੀ ਦੇ ਕੰਮ ਕਰਨ ਨੂੰ ਛੋਟ ਦਿੱਤੀ ਹੋਈ ਹੈ ਪਰ ਪੁਲੀਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਨੂੰ ਮੁਚੱਲਕਾ ਭਰਨ ਤੋਂ ਬਾਅਦ ਹੀ ਛੱਡਿਆ ਗਿਆ।
ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ : ਐੱਸਐੱਚਓ
ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੀ ਵੀ ਕਾਰਵਾਈ ਕੀਤੀ ਹੈ, ਉਹ ਸਰਕਾਰ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਕਰਵਾਉਣ ਵਾਲਿਆਂ ਨੂੰ ਥਾਣੇ ਸੱਦਿਆ ਜ਼ਰੂਰ ਗਿਆ ਸੀ ਪਰ ਕਿਸੇ ਵਿਰੁੱਧ ਕੋਈ ਕੇਸ ਨਹੀਂ ਦਰਜ ਕੀਤਾ ਗਿਆ।