ਚਮਨ ਲਾਲ*
ਪਹਿਲੀ ਸਤੰਬਰ 1934 ਨੂੰ ਸਾਂਝੇ ਪੰਜਾਬ ਦੇ ਉਕਾੜਾ ਤਹਿਸੀਲ ਮਿੰਟਗੁਮਰੀ ਵਿੱਚ ਜਨਮ ਲੈ ਕੇ 15 ਅਕਤੂਬਰ 2020 ਦੀ ਵੱਡੀ ਸਵੇਰ ਢਾਈ ਵਜੇ ਤੱਕ ਡਾ. ਜੋਗਿੰਦਰ ਸਿੰਘ ਪੁਆਰ 86 ਸਾਲ ਦਾ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਪੂਰੇ ਕਾਇਮ ਸਨ। ਉਹ ਖ਼ੁਦ ਕਾਰ ਚਲਾ ਕੇ ਜਲੰਧਰ ਜਾ ਕੇ ਨਵੀਂ ਸਿੱਖਿਆ ਨੀਤੀ ਦੇ ਵਿਰੋਧ ਵਿੱਚ ਮੀਟਿੰਗਾਂ ਦੀ ਪ੍ਰਧਾਨਗੀ ਵੀ ਕਰ ਰਹੇ ਸਨ ਅਤੇ ਪੰਜਾਬ ਦੀ ਕਿਰਸਾਣੀ ਦੇ ਘੋਲ ਦੀ ਵੀ ਡੱਟ ਕੇ ਹਿਮਾਇਤ ਕਰ ਰਹੇ ਸਨ ਕਿ ਅਚਾਨਕ ਕਾਲਵਸ ਹੋ ਗਏ। ਵੰਡ ਤੋਂ ਬਾਅਦ ਜਲੰਧਰ ਲਾਗੇ ਲੱਧੇਵਾਲ ਪਿੰਡ ਵਿੱਚ ਉਹ ਭਰਾਵਾਂ ਨਾਲ ਵਸੇ ਅਤੇ ਜਲੰਧਰ ਹੀ ਉਨ੍ਹਾਂ ਉੱਚ ਵਿੱਦਿਆ ਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਭਾਸ਼ਾ ਵਿਗਿਆਨ ਵਿੱਚ ਖੋਜ ਲਈ ਉਹ ਇੰਗਲੈਂਡ ਚਲੇ ਗਏ ਜਿੱਥੋਂ ਉਨ੍ਹਾਂ ਐਮ.ਲਿਟ. ਦੀ ਡਿਗਰੀ ਹਾਸਿਲ ਕੀਤੀ ਅਤੇ ਵਾਪਸ ਆ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਨ ਸ਼ੁਰੂ ਕੀਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਭਾਗ ਵਿੱਚ ਹੀ ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ 1974 ਦੇ ਆਸ ਪਾਸ ਹੋਈ ਜਿੱਥੇ ਮੇਰਾ ਕਾਫ਼ੀ ਆਉਣਾ ਜਾਣਾ ਸੀ। ਇਸ ਤੋਂ ਬਾਅਦ 1977 ਵਿੱਚ ਮੇਰੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਵਿੱਚ ਖੋਜ ਲਈ ਜਾਣ ਤੋਂ ਬਾਅਦ ਡਾ. ਪੁਆਰ ਜਦ ਵੀ ਦਿੱਲੀ ਆਉਂਦੇ, ਮੇਰੇ ਕੋਲ ਪੇਰਿਯਾਰ ਹੋਸਟਲ ਵਿੱਚ ਹੀ ਰੁਕ ਜਾਂਦੇ। ਇਸ ਹੋਸਟਲ ਵਿੱਚ ਮੇਰੇ ਕੋਲ ਪ੍ਰੋਫ਼ੈਸਰ ਹਰਜੀਤ ਸਿੰਘ ਗਿੱਲ, ਪ੍ਰੋਫ਼ੈਸਰ ਰਮੇਸ਼ ਕੁੰਤਲ ਮੇਘ ਅਤੇ ਪ੍ਰੋਫ਼ੈਸਰ ਗੁਰਭਗਤ ਸਿੰਘ ਵੀ ਬਿਨਾਂ ਕਿਸੇ ਸਹੂਲਤ ਦੇ ਰੁਕਦੇ ਰਹੇ ਅਤੇ ਮੇਰੇ ਵਾਰਡਨ ਦੇ ਸੱਦੇ ’ਤੇ ਉਨ੍ਹਾਂ ਕੋਲ ਰਹਿਣ ਦੀ ਬਜਾਇ ਹੋਸਟਲ ਵਿੱਚ ਰਹਿਣਾ ਅਤੇ ਮੈੱਸ ਵਿੱਚ ਆਮ ਵਿਦਿਆਰਥੀਆਂ ਨਾਲ ਖਾਣਾ ਪਸੰਦ ਕਰਦੇ ਰਹੇ ਜੋ ਉਨ੍ਹਾਂ ਦਿਨਾਂ ਦੀ ਜੇਐਨਯੂ ਦੇ ਵਧੀਆ ਮਾਹੌਲ ਦਾ ਕਮਾਲ ਸੀ।
1985 ਵਿੱਚ ਜੇਐਨਯੂ ਤੋਂ ਡਿਗਰੀ ਲੈਣ ਉਪਰੰਤ ਜਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਵਿੱਚ ਬਤੌਰ ਅਧਿਆਪਕ ਸ਼ਾਮਿਲ ਹੋਇਆ, ਤਦ ਤੱਕ ਡਾ. ਪੁਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫ਼ੈਸਰ ਜਾ ਚੁੱਕੇ ਸਨ। ਉੱਥੋਂ ਉਹ 1992 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਾਰਜਕਾਰੀ ਵੀ.ਸੀ. ਬਣ ਕੇ ਹੀ ਮੁੜੇ। 1993 ਵਿੱਚ ਉਨ੍ਹਾਂ ਵੀ.ਸੀ. ਦਾ ਅਹੁਦਾ ਸੰਭਾਲਿਆ ਜਿੱਥੇ ਉਹ ਦੋ ਕਾਰਜਕਾਲ ਪੂਰੇ ਕਰਕੇ 1999 ਤੱਕ ਰਹੇ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਉਨ੍ਹਾਂ ਦੇ ਪਰਿਵਾਰਕ ਸੰਬੰਧ ਸਨ ਅਤੇ ਖੱਬੇ ਪੱਖੀ ਵਿਚਾਰਾਂ ਕਰਕੇ ਉਹ ਹਰਕਿਸ਼ਨ ਸਿੰਘ ਸੁਰਜੀਤ ਦੇ ਵੀ ਕਰੀਬੀ ਸਨ। 1995 ਵਿੱਚ ਬੇਅੰਤ ਸਿੰਘ ਦੇ ਖਾਲਿਸਤਾਨੀਆਂ ਹੱਥੋਂ ਕਤਲ ਮਗਰੋਂ ਡਾਕਟਰ ਪੁਆਰ ਨੂੰ ਯੂਨੀਵਰਸਿਟੀ ਅੰਦਰ ਆਪਣੇ ਵਿਰੋਧੀਆਂ ਹੱਥੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਹਰਚਰਨ ਸਿੰਘ ਦੇ ਮੁੱਖ ਮੰਤਰੀ ਕਾਲ ਦੌਰਾਨ ਉਨ੍ਹਾਂ ਦੀ ਵੀ.ਸੀ. ਵਜੋਂ ਦੂਜੀ ਟਰਮ ਰੁਕਵਾਉਣ ਲਈ ਪੂਰਾ ਜ਼ੋਰ ਲਾਇਆ ਗਿਆ, ਪਰ ਸੁਰਜੀਤ ਹੋਰਾਂ ਦੇ ਦਖ਼ਲ ਕਾਰਨ ਉਨ੍ਹਾਂ ਨੂੰ ਦੂਜੀ ਟਰਮ ਮਿਲ ਗਈ। ਮੈਨੂੰ ਯਾਦ ਹੈ ਕਿ 15 ਮਈ 1996 ਦੀ ਸ਼ਾਮ ਨੂੰ ਪੰਜ ਵਜੇ ਮੈਂ ਉਨ੍ਹਾਂ ਦੇ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲਿਆ ਜੋ ਉਨ੍ਹਾਂ ਦੇ ਪਹਿਲੇ ਕਾਰਜਕਾਲ ਦਾ ਆਖ਼ਰੀ ਪਲ ਸੀ, ਉਸ ਵੇਲੇ ਉਹ ਦਫ਼ਤਰ ਵਿੱਚ ਬਿਲਕੁਲ ਇਕੱਲੇ ਸਨ। ਹਰ ਵੇਲੇ ਜੀ ਹਜ਼ੂਰੀ ਕਰਨ ਵਾਲੇ ਉਨ੍ਹਾਂ ਦੇ ਨੇੜੇ-ਤੇੜੇ ਕਿਤੇ ਵੀ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਡਾ. ਪੁਆਰ ਦੇ ਕਾਰਜਕਾਲ ਵਿੱਚ ਵਾਧਾ ਹੋਣ ਦੀ ਜ਼ਰਾ ਵੀ ਉਮੀਦ ਨਹੀਂ ਸੀ ਅਤੇ ਉਦੋਂ ਤੱਕ ਕਾਰਜਕਾਲ ਵਿੱਚ ਵਾਧੇ ਬਾਰੇ ਨੋਟੀਫ਼ਿਕੇਸ਼ਨ ਜਾਰੀ ਨਹੀਂ ਸੀ ਹੋਇਆ। ਕਰੀਬ ਦੋ ਘੰਟੇ ਬਾਅਦ ਉਨ੍ਹਾਂ ਫੋਨ ਕਰਕੇ ਖ਼ਬਰ ਦਿੱਤੀ ਕਿ ਉਨ੍ਹਾਂ ਨੂੰ ਪੂਰੀ ਤਿੰਨ ਸਾਲਾਂ ਦੀ ਦੂਸਰੀ ਟਰਮ ਮਿਲ ਗਈ ਹੈ। ਅਗਲੀ ਸਵੇਰ ਉਨ੍ਹਾਂ ਦੇ ਦਫ਼ਤਰ ਵਿੱਚ ਮੁਬਾਰਕਾਂ ਦੇਣ ਵਾਲਿਆਂ ਦੀ ਭੀੜ ਲੱਗੀ ਸੀ! 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਬਣਨ ਉੱਤੇ ਉਨ੍ਹਾਂ ’ਤੇ ਅਸਤੀਫ਼ਾ ਦੇਣ ਦਾ ਕਾਫ਼ੀ ਦਬਾਅ ਬਣਾਇਆ ਗਿਆ। ਮੈਨੂੰ ਯਾਦ ਹੈ ਕਿ ਇੱਕ ਵਾਰ ਦੇਰ ਸ਼ਾਮ ਉਹ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਨੂੰ ਮਿਲ ਕੇ ਆਏ ਤਾਂ ਬੜੇ ਪਰੇਸ਼ਾਨ ਸਨ। ਉਨ੍ਹਾਂ ਇਸ ਦਬਾਅ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਅਤੇ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਅਕਾਦਮਿਕ ਸਰਗਰਮੀਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਪੰਜਾਬ ਵਿੱਚ ਪਹਿਲੀ ਵਾਰ ਜਨਵਰੀ 1996 ਵਿੱਚ ਭਾਰਤੀ ਸਾਇੰਸ ਕਾਂਗਰਸ ਕਰਵਾਈ, ਦੋ ਵਾਰ ਹਿਸਟਰੀ ਕਾਂਗਰਸ ਕਰਵਾਈ ਅਤੇ ਅਨੇਕਾਂ ਸੈਮੀਨਾਰਾਂ ਸਮੇਤ ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਠੋਸ ਯੋਜਨਾਵਾਂ ਬਣਾਈਆਂ। ਸਰਕਾਰ ਨੇ ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ’ਤੇ ਸਾਇੰਸ ਕਾਂਗਰਸ ਦੇ ਖਰਚਿਆਂ ਬਾਰੇ ਅਜਿਹੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਫਸਾਇਆ ਕਿ ਪੂਰੇ ਦਸ ਸਾਲ ਉਨ੍ਹਾਂ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪਏ। ਜਲੰਧਰ ਤੋਂ ਪਟਿਆਲਾ ਉਹ ਪੇਸ਼ੀ ਭੁਗਤਣ ਆਉਂਦੇ ਤਾਂ ਬੱਸ ਵਿੱਚ ਸਫ਼ਰ ਕਰਕੇ ਆਉਂਦੇ। ਕਾਰ ਬਾਰੇ ਪੁੱਛਣ ’ਤੇ ਕਹਿੰਦੇ ਕਿ ਮੇਰੇ ਕੋਲ ਕਿਹੜਾ ਕੋਈ ਖ਼ਜ਼ਾਨਾ ਦੱਬਿਆ ਹੈ ਕਿ ਮੈਂ ਕਾਰ ’ਤੇ ਆ ਜਾ ਸਕਾਂ! ਉਨ੍ਹਾਂ ’ਤੇ ਫੰਡਾਂ ਵਿੱਚ ਹੇਰਾਫੇਰੀ ਦਾ ਇਲਜ਼ਾਮ ਸੀ ਜਿਸ ਤੋਂ ਉਹ ਬਾਇੱਜ਼ਤ ਬਰੀ ਹੋਏ।
ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਉਹ ਵਿਆਕਰਣ ਦੇ ਵਿਦਵਾਨ ਸਨ ਅਤੇ ਭਾਸ਼ਾ ਯੋਜਨਾਬੰਦੀ ਦੀ ਉਨ੍ਹਾਂ ਨੂੰ ਡੂੰਘੀ ਸਮਝ ਸੀ। ਇਸ ਪੱਖੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦਾ ਮੁੱਖ ਉਦੇਸ਼ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਸੀ ਅਤੇ ਜੋ ਦੇਸ਼ ਦੀ ਭਾਸ਼ਾ ਦੇ ਵਿਕਾਸ ਲਈ ਭਾਸ਼ਾ ਦੇ ਨਾਂ ’ਤੇ ਬਣੀ ਪਹਿਲੀ ਯੂਨੀਵਰਸਿਟੀ ਸੀ, ਨੂੰ ਪਹਿਲਾ ਅਜਿਹਾ ਵੀ.ਸੀ. ਮਿਲਿਆ ਸੀ ਜਿਸ ਨੂੰ ਭਾਸ਼ਾ ਦੇ ਵਿਕਾਸ ਦੀ ਵਿਗਿਆਨਕ ਸਮਝ ਸੀ। ਡਾ. ਪੁਆਰ ਨੇ ਕਈ ਕਾਰਜਸ਼ਾਲਾਵਾਂ ਇਸ ਕਾਰਜ ’ਤੇ ਲਾਈਆਂ ਕਿ ਪੰਜਾਬੀ ਦੀ ਵਿਗਿਆਨਕ, ਤਕਨੀਕੀ ਅਤੇ ਸਮਾਜ ਵਿਗਿਆਨਕ ਸ਼ਬਦਾਵਲੀ ਕਿਵੇਂ ਪ੍ਰਫੁੱਲਤ ਕੀਤੀ ਜਾਵੇ। ਡਾ. ਪੁਆਰ ਇਸ ਗੱਲ ਬਾਰੇ ਸਪਸ਼ਟ ਸਨ ਕਿ ਸਿਰਫ਼ ਸਾਹਿਤ ਤੇ ਸਭਿਆਚਾਰ ਤੱਕ ਜੇ ਪੰਜਾਬੀ ਭਾਸ਼ਾ ਸੀਮਤ ਰਹੇਗੀ ਤਾਂ ਕਦੇ ਵੀ ਅੰਗਰੇਜ਼ੀ, ਫਰਾਂਸੀਸੀ ਵਰਗੀਆਂ ਭਾਸ਼ਾਵਾਂ ਦੇ ਬਰਾਬਰ ਨਹੀਂ ਪਹੁੰਚ ਸਕੇਗੀ ਜਿਸ ਲਈ ਵਿਗਿਆਨ, ਤਕਨੀਕ ਅਤੇ ਸਮਾਜ ਵਿਗਿਆਨ ਦੇ ਵੱਖ ਵੱਖ ਖੇਤਰਾਂ ਵਿੱਚ ਮੂਲ ਪੰਜਾਬੀ ਵਿੱਚ ਖੋਜ ਅਤੇ ਕਿਤਾਬਾਂ ਦੀ ਰਚਨਾ ਜ਼ਰੂਰੀ ਹੈ। ਵਿਡੰਬਣਾ ਇਹ ਹੋਈ ਕਿ ਡਾ. ਪੁਆਰ ਤੋਂ ਬਾਅਦ ਕਿਸੇ ਵੀ ਵੀ.ਸੀ. ਨੇ ਪੰਜਾਬੀ ਦੇ ਵਿਕਾਸ ਦੀ ਵਿਗਿਆਨਕ ਭਾਸ਼ਾਈ ਯੋਜਨਾਬੰਦੀ ਨੂੰ ਅੱਗੇ ਨਹੀਂ ਵਧਾਇਆ ਅਤੇ ਭਾਸ਼ਾ ਫਿਰ ਸਾਹਿਤ, ਧਰਮ ਤੇ ਸਭਿਆਚਾਰ ਤੱਕ ਸੀਮਤ ਰਹਿ ਗਈ।
ਅਕਾਦਮਿਕ ਖੇਤਰ ਵਿੱਚ ਡਾ. ਪੁਆਰ ਨੇ ਪੰਜਾਬੀ ਵਿਆਕਰਣ ਬਾਰੇ ਚਾਰ ਕਿਤਾਬਾਂ ਲਿਖੀਆਂ ਅਨੇਕਾਂ ਰਾਸ਼ਟਰੀ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਪੇਪਰ ਪੜ੍ਹੇ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਹਰ ਸਾਲ ਸ਼ਾਨਦਾਰ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸਾਂ ਕਰਵਾਈਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈਆਂ ਕਾਨਫਰੰਸਾਂ ਵਿੱਚ ਪਾਕਿਸਤਾਨ ਦੇ ਪੰਜਾਬੀ ਲੇਖਕ ਅਤੇ ਵਿਦਵਾਨ ਅਤੇ ਵਿਦੇਸ਼ਾਂ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਵਿੱਚ ਵਸੇ ਪੰਜਾਬੀ ਲੇਖਕ-ਵਿਦਵਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਰਹੇ।
ਯੂਨੀਵਰਸਿਟੀ ਦੇ ਵੀ.ਸੀ. ਬਣਨ ਤੋਂ ਪਹਿਲਾਂ ਹੀ ਪੰਜਾਬੀ ਦੇ ਵਿਕਾਸ ਹਿੱਤ ਉਨ੍ਹਾਂ ਪੰਜਾਬੀ ਭਾਸ਼ਾ ਅਕਾਦਮੀ ਦੀ ਜਲੰਧਰ ਵਿੱਚ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਇੱਕ ਹੋਰ ਸੰਸਥਾ ਪੰਜਾਬ ਅਕੈਡਮੀ ਆਫ ਸੋਸ਼ਲ ਸਾਇੰਸ ਵੀ ਬਣਾਈ। ਵੀ.ਸੀ. ਦੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਉਹ ਇਨ੍ਹਾਂ ਸੰਸਥਾਵਾਂ ਵਿਚ ਅਨੇਕਾਂ ਸੈਮੀਨਾਰ ਕਰਕੇ ਅਤੇ ਕਿਤਾਬਾਂ ਛਾਪ ਕੇ ਸਰਗਰਮ ਰਹੇ। ਇਨ੍ਹਾਂ ਸੰਸਥਾਵਾਂ ਦਾ ਦਫ਼ਤਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੀ, ਉੱਥੋਂ ਦੀਆਂ ਸਰਗਰਮੀਆਂ ਵਿੱਚ ਵੀ ਉਹ ਬਰਾਬਰ ਹਿੱਸਾ ਲੈਂਦੇ ਰਹੇ।
ਆਪਣੀ ਨਿੱਜੀ ਜ਼ਿੰਦਗੀ ਵਿੱਚ ਉਹ ਨਿੱਘੇ ਸੁਭਾਅ ਦੇ ਸਨ, ਪਰ ਬੋਲਣ ਵਿੱਚ ਕੁਝ ਰੁੱਖੇ ਅਤੇ ਸਪਸ਼ਟਵਾਦੀ। ਵੀ.ਸੀ. ਦੇ ਅਹੁਦੇ ਦੌਰਾਨ ਉਨ੍ਹਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਵਿਭਾਗ ਦੇ ਦਫ਼ਤਰ ਪਹੁੰਚਣ ਲਈ ਕੁਝ ਸਖ਼ਤੀ ਵੀ ਕੀਤੀ ਹਾਲਾਂਕਿ ਇਹ ਮਜ਼ਾਕ ਵੀ ਕੀਤਾ ਜਾਂਦਾ ਸੀ ਕਿ ਟ੍ਰੇਡ ਯੂਨੀਅਨ ਸਰਗਰਮੀ ਕਰਨ ਸਮੇਂ ਉਹ ਖ਼ੁਦ ਵੀ ਵਕਤ ਦੇ ਘੱਟ ਹੀ ਪਾਬੰਦ ਸਨ।
ਇੰਗਲੈਂਡ ਪੜ੍ਹਨ ਜਾਂਦੇ ਸਮੇਂ ਉਹ ਆਪਣੀ ਪਹਿਲੀ ਜੀਵਨ ਸਾਥਣ ਸਹਿਤ ਗਏ ਸਨ ਅਤੇ ਉਨ੍ਹਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਹੋਈ। ਡਾ. ਪੁਆਰ ਇੰਗਲੈਂਡ ਨਹੀਂ ਰਹਿਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੀ ਸਾਥਣ ਇੰਗਲੈਂਡ ਛੱਡਣਾ ਨਹੀਂ ਚਾਹੁੰਦੀ ਸੀ। ਇਸ ਕਰਕੇ ਉਨ੍ਹਾਂ ਦਾ ਤਲਾਕ ਹੋ ਗਿਆ। ਡਾ. ਪੁਆਰ ਨੇ ਕੁਝ ਸਮਾਂ ਇਕੱਲਿਆਂ ਪਟਿਆਲਾ ਵਿੱਚ ਆਪਣੇ ਬੱਚਿਆਂ ਦੀ ਪਾਲਣਾ ਕੀਤੀ ਜਿਨ੍ਹਾਂ ਨਾਲ ਉਨ੍ਹਾਂ ਨੂੰ ਕਾਫ਼ੀ ਮੋਹ ਸੀ। ਬਾਅਦ ਵਿੱਚ ਉਨ੍ਹਾਂ ਡਾ. ਰਤਨੇਸ਼, ਜੋ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਹਿੰਦੀ ਦੇ ਅਧਿਆਪਕ ਸਨ, ਨਾਲ ਜੀਵਨ ਸਾਥ ਚੁਣਿਆ ਅਤੇ ਆਪਣੇ ਪਰਿਵਾਰ ਦੀ ਹੀ ਇੱਕ ਬੇਟੀ ਮਨਿੰਦਰ ਨੂੰ ਗੋਦ ਲਿਆ ਜਿਸ ਦਾ ਵਿਆਹ ਉਹ ਸ਼ੌਕ ਨਾਲ ਕਰਕੇ ਗਏ। ਇੰਗਲੈਂਡ ਵਿੱਚ ਰਹਿੰਦੇ ਉਨ੍ਹਾਂ ਦਾ ਬੇਟਾ ਤੇ ਬੇਟੀ ਉਨ੍ਹਾਂ ਨਾਲ ਸੰਪਰਕ ਵਿੱਚ ਰਹਿੰਦੇ ਸਨ ਅਤੇ ਡਾ. ਪੁਆਰ ਉਨ੍ਹਾਂ ਨੂੰ ਮਿਲਣ ਵੀ ਇੰਗਲੈਂਡ ਗਏ ਸਨ। ਇਨ੍ਹਾਂ ਦਿਨਾਂ ਵਿੱਚ ਡਾ. ਪੁਆਰ ਭਾਰਤੀ ਸਮਾਜ ਵਿੱਚ ਵਧਦੀ ਫ਼ਿਰਕਾਪ੍ਰਸਤੀ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਪ੍ਰਵਿਰਤੀ ਤੋਂ ਬੜੇ ਚਿੰਤਿਤ ਸਨ। ਉਹ ਇਨ੍ਹਾਂ ਪ੍ਰਵਿਰਤੀਆਂ ਖ਼ਿਲਾਫ਼ ਹਰ ਲਹਿਰ ਨਾਲ ਜੁੜ ਕੇ ਆਪਣੀ ਲੋਕ ਪੱਖੀ ਪ੍ਰਤੀਬੱਧਤਾ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਦੇ ਸਨ। ਉਨ੍ਹਾਂ ਪੰਜਾਬ ਦੇ ਕਿਸਾਨ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕੀਤੀ ਅਤੇ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦਾ ਖੁੱਲ੍ਹ ਕੇ ਵਿਰੋਧ ਕੀਤਾ। ਆਪਣੇ ਕਾਲਵੱਸ ਹੋਣ ਤੋਂ ਦੋ ਦਿਨ ਪਹਿਲਾਂ ਹੀ 13 ਅਕਤੂਬਰ ਨੂੰ ਜਲੰਧਰ ਵਿੱਚ ਉਨ੍ਹਾਂ ਇਸ ਸਿੱਖਿਆ ਨੀਤੀ ਖ਼ਿਲਾਫ਼ ਮੀਟਿੰਗ ਵਿੱਚ ਸ਼ਿਰਕਤ ਕੀਤੀ ਸੀ।
ਬੇਸ਼ੱਕ ਡਾ. ਪੁਆਰ ਹਾਲੀ ਜ਼ਿੰਦਗੀ ਨਾਲ ਭਰਪੂਰ ਸਨ, ਪਰ ਜੋ ਜ਼ਿੰਦਗੀ ਉਨ੍ਹਾਂ ਪੂਰੀ ਕੀਤੀ, ਉਹ ਸਾਰਥਕ, ਸੰਘਰਸ਼ਪੂਰਨ ਅਤੇ ਭਰਪੂਰ ਸੀ। ਇਸ ਲਈ ਉਨ੍ਹਾਂ ਦੀ ਅੰਤਿਮ ਵਿਦਾਈ ਦਾ ਅਫ਼ਸੋਸ ਤਾਂ ਹੈ, ਪਰ ਇਸ ਗੱਲ ਦੀ ਤਸੱਲੀ ਵੀ ਹੈ ਕਿ ਉਨ੍ਹਾਂ ਸਰਬਸਾਂਝੀ ਮਨੁੱਖਤਾ ਦੀ ਭਲਾਈ ਵਿੱਚ ਆਪਣਾ ਬਣਦਾ ਹਿੱਸਾ ਪਾਇਆ ਜਿਸ ਕਰਕੇ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ।
* ਲੇਖਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਡੀਨ, ਭਾਸ਼ਾ ਫ਼ੈਕਲਟੀ ਹੈ।
ਸੰਪਰਕ: 98687-74820