ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਅਗਸਤ
ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪ੍ਰਮੁੱਖ ਖਿਡਾਰੀ ਤੇ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਦੇ ਘਰ ਵਧਾਈਆਂ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਤਾਂਤਾ ਲੱਗਿਆ ਰਿਹਾ। ਦੇਰ ਰਾਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਰੁਪਿੰਦਰਪਾਲ ਦੇ ਘਰ ਜਾ ਕੇ ਉਸ ਦੇ ਮਾਪਿਆਂ ਨੂੰ ਮਿਲੇ ਤੇ ਵਧਾਈਆਂ ਦਿੱਤੀਆਂ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਰੁਪਿੰਦਰਪਾਲ ਸਿੰਘ ਦੇ ਘਰ ਗਏ। ‘ਆਪ’ ਦੇ ਸੂਬਾਈ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਰੁਪਿੰਦਰਪਾਲ ਦੇ ਘਰ ਜਾ ਕੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਉਸ ਨਾਲ ਬਿਤਾਏ ਪਲ ਯਾਦ ਕੀਤੇ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਤੇ ਹਰਬੰਸ ਸਿੰਘ ਕੌਮਾਂਤਰੀ ਹਾਕੀ ਅੰਪਾਇਰ ਨੇ ਵੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ।