ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਪਰੈਲ
ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਸਰਕਾਰ ਅਤੇ ਯੂਨੀਸੈੱਫ਼ (ਯੁਵਾਹ) ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ‘ਵਾਇਸਜ਼ ਆਫ਼ ਯੁਵਾਹ’ ਰਿਪੋਰਟ ਵੀ ਜਾਰੀ ਕੀਤੀ। ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡਾਇਰੈਕਟਰ ਡੀਪੀਐੱਸ ਖਰਬੰਦਾ ਸਣੇ ਆਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ‘ਪੰਜਾਬ ਦਾ ਮਾਣ’ ਪ੍ਰੋਗਰਾਮ ਪੰਜਾਬ ਸਰਕਾਰ ਅਤੇ ਯੂਨੀਸੈੱਫ਼ (ਯੁਵਾਹ) ਦੀ ਸਾਂਝੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਘੱਟੋ-ਘੱਟ 1,00,000 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ, 21ਵੀਂ ਸਦੀ ਦੇ ਢੁੱਕਵੇਂ ਹੁਨਰਾਂ ਅਤੇ ਨਾਗਰਿਕ ਕੇਂਦਰਤ ਫ਼ੈਸਲੇ ਲੈਣ ਦੀਆਂ ਸੰਭਾਵਨਾਵਾਂ ਨਾਲ ਜੋੜਨਾ ਹੈ।