ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 19 ਦਸੰਬਰ
ਪੰਚਾਇਤ ਵਿਭਾਗ ਦੇ ਪਿਛਲੇ ਛੇ ਦਿਨਾਂ ਤੋਂ ਹੜਤਾਲ ਉੱਤੇ ਚੱਲ ਰਹੇ ਬੀਡੀਪੀਓਜ਼ ਵਿੱਚੋਂ ਪੰਚਾਇਤ ਵਿਭਾਗ ਵੱਲੋਂ 59 ਬੀਡੀਪੀਓਜ਼ ਦੇ ਤਬਾਦਲੇ ਕਰਕੇ ਉਨ੍ਹਾਂ ਦੇ ਬਲਾਕਾਂ ਦਾ ਚਾਰਜ ਲੇਖਾਕਾਰਾਂ ਅਤੇ ਪੰਚਾਇਤ ਅਫ਼ਸਰਾਂ ਨੂੰ ਸੌਂਪਣ ਦੀ ਕਾਰਵਾਈ ਤੋਂ ਹੜਤਾਲੀ ਅਧਿਕਾਰੀਆਂ ਵਿੱਚ ਭਾਰੀ ਰੋਸ ਹੈ। ਹੜਤਾਲ ਵਿੱਚ ਮੋਹਰੀ ਆਗੂ ਵਜੋਂ ਭੂਮਿਕਾ ਨਿਭਾ ਰਹੇ ਮੁਹਾਲੀ ਦੇ ਡੀਡੀਪੀਓ ਸੁਖਚੈਨ ਸਿੰਘ ਦੀ ਫਾਜ਼ਿਲਕਾ ’ਚ ਕੀਤੀ ਬਦਲੀ ਸਬੰਧੀ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਡੀਪੀਓ ਐਸੋਸੀਏਸ਼ਨ ਵੱਲੋਂ ਅਗਲੀ ਰਣਨੀਤੀ ਉਲੀਕਣ ਲਈ ਅੱਜ ਮੀਟਿੰਗ ਵੀ ਕੀਤੀ ਗਈ। ਇਸ ਵਿੱਚ ਕੁਝ ਜ਼ਿਲ੍ਹਿਆਂ ਦੇ ਡੀਡੀਪੀਓ ਅਤੇ ਏਡੀਸੀ (ਵਿਕਾਸ) ਦੇ ਸ਼ਾਮਿਲ ਹੋਣ ਦੀ ਵੀ ਖ਼ਬਰ ਹੈ। ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਹੜਤਾਲੀ ਅਧਿਕਾਰੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਕਮਿਸ਼ਨ ਦੇ ਸਕੇਲ 1996 ਅਨੁਸਾਰ ਤੈਅ ਕਰਨ ਲਈ ਖੁਦ ਸਰਕਾਰ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਅਮਲ ਨਹੀਂ ਕੀਤਾ ਗਿਆ ਤੇ ਸ਼ਾਂਤਮਈ ਸੰਘਰਸ਼ ਨੂੰ ਦਬਾਉਣ ਲਈ ਦਮਨਕਾਰੀ ਨੀਤੀਆਂ ਘੜੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਸੋਸੀਏਸ਼ਨ ਦੀ ਪ੍ਰਧਾਨ ਨਵਦੀਪ ਕੌਰ ਨੇ ਆਖਿਆ ਕਿ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ ਅਤੇ ਸੋਮਵਾਰ ਤੋਂ ਜ਼ਿਲ੍ਹਾ ਪੱਧਰ ਉੱਤੇ ਧਰਨੇ ਦਿੱਤੇ ਜਾਣਗੇ।