ਪੱਤਰ ਪ੍ਰੇਰਕ
ਭਿੱਖੀਵਿੰਡ, 30 ਮਾਰਚ
ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਦੇ ਪਿੰਡ ਬਲ੍ਹੇਰ ਵਾਸੀ ਪਤੀ ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਘਰ ਤੋਂ ਦੂਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਜ਼ਹਿਰ ਨਿਗਲਣ ਸਬੰਧੀ ਆਪਣੇ ਗੁਆਂਢ ਰਹਿੰਦੇ ਵਿਅਕਤੀ ਨੂੰ ਜਾਣਕਾਰੀ ਵੀ ਦਿੱਤੀ। ਤਿੰਨ ਬੱਚਿਆਂ ਦੇ ਮਾਤਾ ਪਿਤਾ ਉਕਤ ਜੋੜੇ ਦਾ ਬਿਨ੍ਹਾਂ ਪੁਲੀਸ ਕਾਰਵਾਈ ਕਰਵਾਇਆ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ। ਇਸ ਬਾਰੇ ਪਿੰਡ ਦੇ ਕਰਤਾਰ ਸਿੰਘ ਨੰਬਰਦਾਰ ਅਤੇ ਪੰਚਾਇਤ ਮੈਂਬਰ ਬਲਦੇਵ ਸਿੰਘ ਵਾਸੀ ਪਿੰਡ ਬਲ੍ਹੇਰ ਨੇ ਦੱਸਿਆ ਕਿ ਮ੍ਰਿਤਕ ਦਿਲਬਾਗ ਸਿੰਘ (40) ਬੇਜ਼ਮੀਨਾ ਸੀ। ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦਿਲਬਾਗ ਸਿੰਘ ਦਾ ਕੰਮ ਕਰੋਨਾ ਮਹਾਂਮਾਰੀ ਕਾਰਨ ਡਾਵਾਂਡੋਲ ਹੋ ਚੁੱਕਾ ਸੀ। ਉਸ ਦੀ ਵੱਡੀ ਲੜਕੀ ਅਮਨਪ੍ਰੀਤ ਕੌਰ (16) ਦੀ ਪੜ੍ਹਾਈ ਵੀ ਛੁੱਟ ਚੁੱਕੀ ਸੀ ਜਦੋਂਕਿ ਪਿੰਡ ਦੇ ਸਕੂਲ ਵਿੱਚ ਪੜ੍ਹਦੀ 14 ਸਾਲਾ ਛੋਟੀ ਲੜਕੀ ਸ਼ਰਨਜੀਤ ਕੌਰ ਅਤੇ 11 ਸਾਲਾ ਲੜਕਾ ਸਰਪ੍ਰੀਤ ਸਿੰਘ ਦੀ ਪੜ੍ਹਾਈ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਅਸਮਰੱਥ ਹੋਏ ਦਿਲਬਾਗ ਸਿੰਘ ਨੇ ਪਤਨੀ ਹਰਜੀਤ ਕੌਰ (36) ਸਮੇਤ ਪਿੰਡ ਕੱਚਾ ਪੱਕਾ ਦੇ ਕੋਲ ਜਾ ਕੇ ਦੇਰ ਸ਼ਾਮ ਵਜੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜ਼ਹਿਰ ਨਿਗਲਣ ਤੋਂ ਪਹਿਲਾਂ ਉਨ੍ਹਾਂ ਇਸ ਸਬੰਧੀ ਜਾਣਕਾਰੀ ਫੋਨ ਕਰਕੇ ਗੁਆਂਢ ਵਿੱਚ ਰਹਿੰਦੇ ਬਲਦੇਵ ਸਿੰਘ ਨੂੰ ਦਿੱਤੀ ਸੀ, ਪਰ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਰਕੇ ਕਿ ਉਨ੍ਹਾਂ ਦੇ ਭਰਾ ਨੇ ਭਰਜਾਈ ਖ਼ੁਦਕੁਸ਼ੀ ਕੀਤੀ ਹੈ।
ਜ਼ਹਿਰੀਲੀ ਦਵਾਈ ਪੀਣ ਵਾਲੇ ਦੂਜੇ ਬੱਚੇ ਦੀ ਵੀ ਹੌਤ
ਜ਼ਿਲ੍ਹਾ ਤਰਨ ਤਾਰਨ ਦੇ ਭਿੱਖੀਵਿੰਡ ਨਜ਼ਦੀਕ ਪੈਂਦੇ ਪਿੰਡ ਤਤਲੇ ਵਿਚ 14 ਮਾਰਚ ਨੂੰ ਗਲਤੀ ਨਾਲ ਘਰ ਵਿਚ ਪਈ ਜ਼ਹਿਰੀਲੀ ਦਵਾਈ ਪੀਣ ਕਾਰਨ ਭੈਣ ਭਰਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿਥੇ 20 ਮਾਰਚ ਨੂੰ ਲੜਕੇ ਜਗਰੂਪ ਸਿੰਘ ਨੇ ਦਮ ਤੋੜ ਦਿੱਤਾ ਸੀ। ਇਸੇ ਤਰ੍ਹਾਂ ਇਲਾਜ ਦੌਰਨ ਬੀਤੀ ਰਾਤ ਲੜਕੀ ਮੰਨਤਪ੍ਰੀਤ ਕੌਰ (9) ਨੇ ਵੀ ਦਮ ਤੋੜ ਦਿੱਤਾ। ਬੱਚਿਆਂ ਦੇ ਸਦਮੇ ਨੂੰ ਨਾ ਸਹਾਰਦੇ ਹੋਏ ਬੱਚਿਆਂ ਦੀ ਮਾਂ ਲਖਵਿੰਦਰ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰ ਰਹੀ ਹੈ। ਪਿੰਡ ਵਾਸੀ ਰਣਜੀਤ ਸਿੰਘ ਨੇ ਸਰਕਾਰ ਕੋਲੋਂ ਪਰਿਵਾਰ ਦੀ ਮਾਲੀ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ।