ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਜਨਵਰੀ
ਪੈਸਿਆਂ ਦੇ ਲੈਣ ਦੇਣ ’ਚ ਬਿਹਾਰ ਦੇ ਵਿਅਕਤੀ ਨੇ ਕੁਝ ਸਾਥੀਆਂ ਦੀ ਮਦਦ ਨਾਲ ਪਾਤੜਾਂ ਤੋਂ ਆਪਣੇ ਇਕ ਸਾਥੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਪਾਤੜਾਂ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ 3 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਇਸੇ ਦੌਰਾਨ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਮਗਰੋਂ ਪੁਲੀਸ ਨੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਮਾਮਲੇ ਦੇ ਪੜਤਾਲੀਆ ਅਫ਼ਸਰ ਬੀਰਬਲ ਸ਼ਰਮਾ ਨੇ ਦੱਸਿਆ ਕਿ 26 ਦਸੰਬਰ ਨੂੰ ਸ਼ਾਮ ਲਾਲ ਵਾਸੀ ਬਿਹਾਰ ਹਾਲ ਵਾਸੀ ਪਿੰਡ ਨਿਆਲ ਨੂੰ ਬਿਹਾਰ ਦੇ ਰਹਿਣ ਵਾਲੇ ਉਸ ਦੇ ਸਾਥੀ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ’ਚ ਚੁੱਕ ਕੇ ਲੈ ਗਏ ਸੀ। ਜਿਸ ਸਬੰਧੀ ਸ਼ਾਮ ਲਾਲ ਦੀ ਪਤਨੀ ਲਕਸ਼ਮੀ ਦੇਵੀ ਦੇ ਬਿਆਨਾਂ ’ਤੇ ਅੰਗਦ ਕੁਮਾਰ ਮੂਲ ਵਾਸੀ ਬਿਹਾਰ ਸਮੇਤ 3 ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਸੂਚਨਾ ਮਿਲਣ ’ਤੇ ਸਰਹਿੰਦ ਨੇੜੇ ਪਿੰਡ ਪੀਰ ਜੈਨ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਕੀਤੀ ਗਈ ਪੁੱਛ ਪੜਤਾਲ ਮਗਰੋਂ ਸਾਹਮਣੇ ਆਇਆ ਕਿ ਅੰਗਦ ਕੁਮਾਰ ਨੇ ਸ਼ੰਕਰ ਕੁਮਾਰ ਨਾਲ ਮਿਲ ਕੇ ਸ਼ਾਮ ਲਾਲ ਦੀ ਕੀਤੀ ਕੁੱਟਮਾਰ ਦੌਰਾਨ ਉਸ ਦੀ ਮੌਤ ਹੋਈ ਸੀ। ਇਨ੍ਹਾਂ ਵਿਅਕਤੀਆਂ ਨੇ ਕਤਲ ਦੇ ਸਬੂਤਾਂ ਨੂੰ ਖ਼ਤਮ ਕਰਨ ਲਈ ਮ੍ਰਿਤਕ ਦੀ ਲਾਸ਼ ਨੂੰ ਬੋਰੀ ’ਚ ਪਾ ਕੇ ਮੁਹਾਲੀ ਨੇੜੇ ਪਿੰਡ ਪਲਹੇੜੀ ਦੇ ਜੰਗਲ ਵਿੱਚ ਸੁੱਟ ਦਿੱਤੀ ਸੀ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਿਆ ਹੈ।
ਪੁਲੀਸ ਨੇ ਅੰਗਦ ਕੁਮਾਰ ਦੇ ਸਾਥੀ ਸ਼ੰਕਰ ਕੁਮਾਰ ਨੂੰ ਇਸ ਕੇਸ ’ਚ ਨਾਮਜ਼ਦ ਕਰਨ ਮਗਰੋਂ ਇਨ੍ਹਾਂ ਦੇ ਤੀਜੇ ਸਾਥੀ ਦੇ ਨਾਂ ਦਾ ਪਤਾ ਕਰਕੇ ਫਰਾਰ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੀ ਤੇਜ਼ ਕਰ ਦਿੱਤੀ ਹੈ। ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ’ਚ ਮ੍ਰਿਤਕ ਦੀ ਲਾਸ਼ ਨੂੰ ਭੇਜ ਕੇ ਮੁਲਜ਼ਮ ਅੰਗਦ ਕੁਮਾਰ ਨੂੰ ਜੁਡੀਸ਼ੀਅਲ ਕੋਰਟ ਸਮਾਣਾ ਵਿੱਚ ਪੇਸ਼ ਕਰਕੇ ਪੁਲੀਸ ਨੇ ਹੋਰ ਵੱਖ ਵੱਖ ਪਹਿਲੂਆਂ ’ਤੇ ਪੜਤਾਲ ਕਰਨ ਲਈ ਵਾਰਡ ਦੀ ਮੰਗ ਕੀਤੀ ਸੀ ਜਿਸ ’ਤੇ ਅਦਾਲਤ ਨੇ 18 ਜਨਵਰੀ ਤੱਕ ਪੁੱਛਗਿੱਛ ਲਈ ਪੁਲੀਸ ਨੂੰ ਰਿਮਾਂਡ ਦਿੱਤਾ ਹੈ।