ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜੁਲਾਈ
ਇੱਥੇ ਸਥਿਤ ਅਨਾਜ ਮੰਡੀ ਵਿਚ ਸੂਰਜਮੁਖੀ ਦੀ ਸਰਕਾਰੀ ਖ਼ਰੀਦ ਦੇ ਆਖ਼ਰੀ ਦਿਨ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਖ਼ਰੀਦ ਏਜੰਸੀ ਦੇ ਦਫਤਰ ਮੂਹਰੇ ਰੋਸ ਜ਼ਾਹਿਰ ਕੀਤਾ। ਕਿਸਾਨਾਂ ਨੇ ਖ਼ਰੀਦ ਏਜੰਸੀਆਂ ’ਤੇ ਗੁਣਵੱਤਾ ਦਾ ਬਹਾਨਾ ਲਾ ਕੇ ਸੂਰਜਮੁਖੀ ਨਾ ਖਰੀਦਣ ਦਾ ਦੋਸ਼ ਲਾਇਆ।
ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਮਾਮੂਮਾਜਰਾ ਤੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਦੀ ਅਗਵਾਈ ਵਿਚ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਖਰੀਦ ਏਜੰਸੀਆਂ ’ਤੇ ਭੜਾਸ ਕੱਢੀ। ਉਨਾਂ ਕਿਹਾ ਕਿ ਖ਼ਰੀਦ ਏਜੰਸੀਆਂ ਕਦੇ ਨਮੀ ਤੇ ਕਦੇ ਘਟੀਆ ਕੁਆਲਿਟੀ ਦਾ ਬਹਾਨਾ ਬਣਾ ਕੇ ਸੂਰਜਮੁਖੀ ਦੀ ਖਰੀਦ ਕਰਨ ਤੋਂ ਨਾਂਹ-ਨੁੱਕਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਘਟੀਆ ਬੀਜ ਉਪਲਬਧ ਕਰਾਇਆ ਜਿਸ ਕਰਕੇ ਸੂਰਜਮੁਖੀ ਦੀ ਫ਼ਸਲ ਦਾ ਝਾੜ ਘੱਟ ਗਿਆ।
ਘਟੀਆ ਬੀਜ ਦੀ ਮਾਰ ਤੋਂ ਕਿਸਾਨ ਅਜੇ ਉੱਭਰਿਆ ਨਹੀਂ ਸੀ ਕਿ ਖਰੀਦ ਏਜੰਸੀਆਂ ਉਨਾਂ ਦੀ ਫਸਲ ਖਰੀਦਣ ਤੋਂ ਨਾਂਹ ਨੁੱਕਰ ਕਰ ਕੇ ਹੋਰ ਤੰਗ ਕਰ ਰਹੀਆਂ ਹਨ। ਰਾਕੇਸ਼ ਬੈਂਸ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਏਜੰਸੀਆਂ ਨੂੰ ਉਨ੍ਹਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਦੀ ਗੱਲ ਆਖੀ। ਮਾਰਕੀਟ ਕਮੇਟੀ ਦੇ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਜ ਉਨ੍ਹਾਂ ਦੀ ਫਸਲ ਦੀ ਹਰ ਢੇਰੀ ਖਰੀਦੀ ਜਾਵੇਗੀ।