ਪੱਤਰ ਪ੍ਰੇਰਕ
ਰਤੀਆ, 2 ਜੁਲਾਈ
ਇੱਥੇ ਚੋਰਾਂ ਦੇ ਇਕ ਗਰੋਹ ਨੇ ਪ੍ਰਾਈਵੇਟ ਸਕੂਲ ’ਚੋਂ ਨਗਦੀ ਤੇ ਦਸਤਾਵੇਜ਼ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਕੇਵਲ ਚੌਕੀਦਾਰ ਹੀ ਸਕੂਲ ਵਿੱਚ ਸੀ ਜੋ ਘਟਨਾ ਮੌਕੇ ਆਪਣੇ ਪਰਿਵਾਰ ਸਮੇਤ ਸੁੱਤਾ ਪਿਆ ਸੀ। ਇਸੇ ਦੌਰਾਨ ਕੁਝ ਅਣਪਛਾਤਿਆਂ ਨੇ ਸਕੂਲ ਵਿਚ ਦਾਖਲ ਹੋ ਕੇ ਕਰੀਬ 70 ਹਜ਼ਾਰ ਰੁਪਏ ਨਗਦ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਦਾ ਚੌਕੀਦਾਰ ਨੂੰ ਸਵੇਰੇ ਪਤਾ ਲੱਗਾ ਤੇ ਉਸ ਨੇ ਸਕੂਲ ਦੀ ਮੈਨੇਜਮੈਂਟ ਨੂੰ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੁ ਕਰ ਦਿੱਤੀ ਗਈ ਹੈ। ਪੁਲੀਸ ਨੇ ਕਿਹਾ ਕਿ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਚੋਰਾਂ ਨੇ ਇਸ ਦਾ ਲਾਹਾ ਲਿਆ ਤੇ ਉਨ੍ਹਾਂ ਵੱਲੋਂ ਕੀਤੀ ਵਾਰਦਾਤ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਜਲਦੀ ਫੜੇ ਜਾਣਗੇ।