ਆਤਿਸ਼ ਗੁਪਤਾ
ਚੰਡੀਗੜ੍ਹ, 20 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਸ ਦੇ ਨਾਲ ਹੀ ਡੀਜ਼ਲ ਵਾਲੀਆਂ 40 ਨਵੀਆਂ ਬੱਸਾਂ ਲਿਆਉਣ ਦੀ ਤਿਆਰੀ ਖਿੱਚ ਲਈ ਹੈ, ਜਿਸ ਵਿੱਚੋਂ 20 ਬੱਸਾਂ ਸੀਟੀਯੂ ਖਰੀਦੇਗਾ, ਜਦਕਿ 20 ਡੀਜ਼ਲ ਬੱਸਾਂ ਨੂੰ ਕਿੱਲੋਂ ਮੀਟਰ ਸਕੀਮ ਤਹਿਤ ਲੈਣ ਦੀ ਤਿਆਰੀ ਚੱਲ ਰਹੀ ਹੈ। ਇਸ ਲਈ ਟਰਾਂਸਪੋਰਟ ਵਿਭਾਗ ਨੇ ਟੈਂਡਰ ਜਾਰੀ ਕਰ ਦਿੱਤੇ ਹਨ, ਜੋ ਕਿ 10 ਦਸੰਬਰ ਤੱਕ ਆਖਰੀ ਅਪਲਾਈ ਕੀਤਾ ਜਾ ਸਕਦਾ ਹੈ। ਟਰਾਂਸਪੋਰਟ ਵਿਭਾਗ ਨੇ 20 ਬੱਸਾਂ ਆਪਣੀਆਂ ਖਰੀਦ ਰਿਹਾ ਹੈ। ਜਦਕਿ ਕਿੱਲੋ ਮੀਟਰ ਸਕੀਮ ਵਾਲੀਆਂ 20 ਬੱਸਾਂ ਨੂੰ 10 ਸਾਲਾਂ ਲਈ ਕੰਟਰੈਕਟ ਕਰਨ ਜਾ ਰਿਹਾ ਹੈ। ਇਨ੍ਹਾਂ ਬੱਸਾਂ ਵਿੱਚ ਡਰਾਈਵਰ ਬੱਸ ਕੰਪਨੀ ਦਾ ਹੋਵੇਗਾ ਜਦਕਿ ਕੰਡਕਟਰ ਸੀਟੀਯੂ ਦਾ ਹੋਵੇਗਾ। ਟੈਂਡਰ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੀ ਮੁਰੰਮਤ ਅਤੇ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਵੇਗੀ। ਕੰਪਨੀ ਨੂੰ ਅਲਾਟਮੈਂਟ ਲੇਟਰ ਜਾਰੀ ਹੋਣ ਤੋਂ 90 ਦਿਨਾਂ ਵਿਚਕਾਰ ਬੱਸਾਂ ਦੀ ਪਹੁੰਚ ਕੀਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਡਾਇਰੈਕਟਰ ਟਰਾਂਸਪੋਰਟ ਪ੍ਰਦੂਮਨ ਨੇ ਕੀਤੀ ਹੈ।
ਦੂਜੇ ਪਾਸੇ ਖਰੀਦੀ ਜਾਣ ਵਾਲੀਆਂ 20 ਬੱਸਾਂ ਦੀ ਟੈਂਡਰ ਅਲਾਟ ਹੋਣ ਤੋਂ ਮਹੀਨੇ ਦੇ ਅੰਦਰ ਡਲੀਵਰੀ ਕਰਨੀ ਲਾਜ਼ਮੀ ਹੋਵੇਗੀ। ਇਹ ਬੱਸਾਂ ਏਸੀ ਅਤੇ ਹੀਟਰ ਵਾਲੀਆਂ ਹੋਣਗੀਆਂ, ਜਿਸ ਵਿੱਚ ਡਿਸਪਲੇਅ ਬੋਰਡ ਵੀ ਲਗਾਇਆ ਜਾਵੇਗਾ। ਦੱਸਣਯੋਗ ਹੈ ਕਿ ਸੀਟੀਯੂ ਕੋਲ ਕੁੱਲ 514 ਬੱਸਾਂ ਹਨ। ਜਿਨ੍ਹਾਂ ਵਿੱਚ 361 ਲੋਕਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੌੜ ਰਹੀਆਂ ਹਨ, ਜਦਕਿ 153 ਬੱਸਾਂ ਅੰਤਰ-ਰਾਜੀ ਰੂਟਾਂ ’ਤੇ ਚੱਲ ਰਹੀਆਂ ਹਨ।
ਪੰਜ ਇਲੈਕਟ੍ਰਿਕ ਬੱਸਾਂ ਚੰਡੀਗੜ੍ਹ ਪਹੁੰਚੀਆਂ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 40 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚੋਂ 5 ਹੋਰ ਬੱਸਾਂ ਚੰਡੀਗੜ੍ਹ ਪਹੁੰਚ ਗਈਆਂ ਹਨ, ਜਦਕਿ 12 ਬੱਸਾਂ ਪਹਿਲਾਂ ਯੂਟੀ ਦੀਆਂ ਸੜਕਾਂ ’ਤੇ ਦੌੜ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਨਾਲ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਕੋਲ 17 ਇਲੈਕਟ੍ਰਿਕ ਬੱਸਾਂ ਪਹੁੰਚ ਚੁੱਕੀਆਂ ਹਨ। ਜਦਕਿ ਤਿੰਨ ਹੋਰ ਬੱਸਾਂ ਨਵੰਬਰ ਦੇ ਆਖਰੀ ਤੱਕ ਆਉਣ ਦੀ ਸੰਭਾਵਨਾ ਹੈ।
ਸੀਟੀਯੂ ਵਰਕਰ ਯੂਨੀਅਨ ਵਿੱਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੇ ਟੈਂਡਰ ਦਾ ਵਿਰੋਧ
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅਥਾਰਿਟੀ ਵੱਲੋਂ ਕਿਲੋਮੀਟਰ ਸਕੀਮ ਅਧੀਨ ਪਾਈਆਂ ਗਈਆਂ ਨਵੀਆਂ ਬੱਸਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਲਈ ਕੱਢੇ ਗਏ ਟੈਂਡਰ ਦਾ ਸੀ.ਟੀ.ਯੂ. ਵਰਕਰਜ਼ ਯੂਨੀਅਨ ਵੱਲੋਂ ਤਿੱਖਾ ਵਿਰੋਧ ਸ਼ੁਰੂ ਕਰਨ ਦੀ ਤਿਆਰੀ ਵਿੱਢ ਲਈ ਗਈ ਹੈ। ਇਸੇ ਸਬੰਧ ਵਿੱਚ ਯੂਨੀਅਨ ਦੀ ਹੰਗਾਮੀ ਮੀਟਿੰਗ ਅੱਜ ਰਣਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਣਜੀਤ ਸਿੰਘ ਹੰਸ, ਧਰਮਿੰਦਰ ਸਿੰਘ ਰਾਹੀ, ਚਰਨਜੀਤ ਸਿੰਘ ਢੀਂਡਸਾ, ਸਤਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਮੇਲ ਸਿੰਘ ਦਾਰਾ, ਜਸਵਿੰਦਰ ਸਿੰਘ, ਓਮ ਪ੍ਰਕਾਸ਼ ਅਤੇ ਭੁਪਿੰਦਰ ਸਿੰਘ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਨਵੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵਿਭਾਗ ਵਿੱਚ ਸ਼ਾਮਿਲ ਕਰਨ ਲਈ ਕੀਤੇ ਗਏ ਟੈਂਡਰ ਦੇ ਵਿਰੋਧ ਵਿੱਚ 23 ਨਵੰਬਰ ਦਿਨ ਮੰਗਲਵਾਰ ਨੂੰ 1 ਵਜੇ ਡਾਇਰੈਕਟਰ ਦਫ਼ਤਰ ਵਿੱਚ ਰੋੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਸੀਟੀਯੂ ਮੈਨੇਜਮੈਂਟ ਨੇ ਇਹ ਟੈਂਡਰ ਰੱਦ ਨਾ ਕੀਤਾ ਤਾਂ ਯੂਨੀਅਨ ਟੈਂਡਰ ਖੁੱਲ੍ਹਣ ਦੀ ਤਾਰੀਖ 29 ਨਵੰਬਰ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਸਮੇਂ ਕੋਈ ਵੱਡਾ ਐਕਸ਼ਨ ਕਰ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸੀਟੀਯੂ ਮੈਨੇਜਮੈਂਟ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ।