ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 30 ਮਾਰਚ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਵਸ਼ਿੰਗਟਨ ਸਿੰਘ ਸਮੀਰੋਵਾਲ ਤੇ ਹੋਰ ਆਗੂਆਂ ਨੇ ਮੰਗ ਕੀਤੀ ਹੈ ਕਿ ਕਰੋਨਾ ਕਾਲ ਦੌਰਾਨ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆ ਕੋਲੋਂ ਸਰਟੀਫਿਕੇਟ ਫੀਸ ਦੇ ਨਾਮ ’ਤੇ ਕੀਤੀ ਜਾ ਰਹੀ ਲੁੱਟ ਰੋਕੀ ਜਾਵੇ। ਉਧਰ, ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਫੀਸ ਲੈਣ ਸਬੰਧੀ ਜ਼ਿਲ੍ਹਾ ਸਿੱਖਿਆ ਦਫਤਰ ਨੂੰ ਕੋਈ ਚਿੱਠੀ ਨਹੀਂ ਆਈ, ਪਰ ਬੋਰਡ ਵਲੋਂ ਆਪਣੇ ਪੱਧਰ ’ਤੇ ਹੀ ਸਕੂਲਾਂ ਨੂੰ ਚਿੱਠੀ ਜਾਰੀ ਕੀਤੀ ਗਈ ਹੈ। ਉਹ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕਰਨਗੇ।
ਸਾਲਾਨਾ ਫ਼ੀਸ ਲੈਣ ਤੋਂ ਭੜਕੇ ਮਾਪਿਆਂ ਵੱਲੋਂ ਸੜਕ ਜਾਮ਼
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਛਾਉਣੀ ਦੇ ਲਾਰਡ ਮਹਾਵੀਰ ਜੈਨ ਸਕੂਲ ਦੇ ਬਾਹਰ ਅੱਜ ਮਾਪਿਆਂ ਨੇ ਸਕੂਲ ਵੱਲੋਂ ਸਾਲਾਨਾ ਫ਼ੀਸ ਮੰਗਣ ਖ਼ਿਲਾਫ਼ ਅੱਜ ਸਵੇਰੇ 11 ਵਜੇ ਮੁੱਖ ਸੜਕ ’ਤੇ ਜਾਮ ਲਾ ਦਿੱਤਾ ਅਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਵੱਲੋਂ ਸਾਲਾਨਾ ਫ਼ੀਸ ਮੰਗੀ ਜਾ ਰਹੀ ਹੈ ਅਤੇ ਬੱਚਿਆਂ ਦੇ ਨਤੀਜੇ ਨਹੀਂ ਦਿੱਤੇ ਜਾ ਰਹੇ। ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਨਰੇਸ਼ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਵਿਵਸਥਾ ਆਪਣੇ ਹੱਥ ਵਿਚ ਨਹੀਂ ਲੈਣ ਦਿੱਤੀ ਜਾਵੇਗੀ। ਅਖੀਰ ਸਮੱਸਿਆ ਹੱਲ ਕਰਨ ਲਈ ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਮਾਪਿਆਂ ਦੀ ਸਕੂਲ ਮੈਨੇਜਮੈਂਟ ਨਾਲ ਗੱਲਬਾਤ ਕਰਵਾਈ।