*ਅਸਾਮ ਵਿਚ ਮੁੜ ਖਿੜਿਆ ‘ਕਮਲ’ *ਕੇਰਲ ਵਿਚ ਖੱਬੀ ਧਿਰ ਐੱਲਡੀਐੱਫ ਨੇ ਮੁੜ ਲਹਿਰਾਇਆ ਪਰਚਮ
*ਤਾਮਿਲਨਾਡੂ ’ਚ ਡੀਐਮਕੇ ਦੀ ਅਗਵਾਈ ਹੇਠਲੇ ਗੱਠਜੋੜ ਦੀ ਜਿੱਤ *ਪੁੱਡੂਚੇਰੀ ’ਚ ਐੱਨਡੀਏ ਦੀ ਚੜ੍ਹਤ
ਮੁੱਖ ਅੰਸ਼
- ਟੀਵੀ ਚੈਨਲਾਂ ’ਤੇ ਮਮਤਾ ਨੂੰ ਜੇਤੂ ਐਲਾਨੇ ਜਾਣ ਮਗਰੋਂ ਚੋਣ ਕਮਿਸ਼ਨ ਵੱਲੋਂ ਸ਼ੁਵੇਂਦੂ ਅਧਿਕਾਰੀ ਦੀ ਜਿੱਤ ਦਾ ਐਲਾਨ ਕੀਤੇ ਜਾਣ ਤੋਂ ਵਿਵਾਦ
ਨਵੀਂ ਦਿੱਲੀ, 2 ਮਈ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਦੀ ਚੁਣੌਤੀ ਤੋਂ ਪਾਰ ਪਾਉਂਦਿਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਨੂੰ ਜਿਤਾ ਕੇ ਪੱਛਮੀ ਬੰਗਾਲ ਵਿਚ ਲਗਾਤਾਰ ਤੀਜੀ ਵਾਰ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਹਾਲਾਂਕਿ, ਅਸਾਮ ਵਿਚ ਭਾਜਪਾ ਦਾ ‘ਕਮਲ’ ਮੁੜ ਖਿੜਿਆ ਹੈ ਤੇ ਕੇਰਲ ਵਿਚ ਵੀ ਪਹਿਲਾਂ ਤੋਂ ਸੱਤਾ ’ਤੇ ਕਾਬਜ਼ ਐੱਲਡੀਐੱਫ ਨੇ ਸੱਤਾ ਖ਼ਿਲਾਫ਼ ਲਹਿਰ ਦੇ ਖ਼ਦਸ਼ੇ ਨੂੰ ਦਰਕਿਨਾਰ ਕਰ ਕੇ ਮੁੜ ਤੋਂ ਜਿੱਤ ਹਾਸਲ ਕੀਤੀ ਹੈ। ਹਾਲਾਂਕਿ, ਤਾਮਿਲਨਾਡੂ ਤੇ ਪੁੱਡੂਚੇਰੀ ਵਿਚ ਵੋਟਰਾਂ ਨੇ ਸੱਤਾ ਧਿਰ ਦੇ ਖ਼ਿਲਾਫ਼ ਫ਼ਤਵਾ ਦਿੱਤਾ ਹੈ ਜਿਸ ਤਹਿਤ ਤਾਮਿਲਨਾਡੂ ਵਿਚ ਏਆਈਏਡੀਐੱਮਕੇ ਨੇ ਵਿਰੋਧੀ ਡੀਐੱਮਕੇ ਦੀ ਅਗਵਾਈ ਵਾਲੇ ਗੱਠਜੋੜ ਲਈ ਸੱਤਾ ਦਾ ਰਾਹ ਛੱਡਣ ਦੀ ਤਿਆਰੀ ਕਰ ਲਈ ਹੈ। ਉੱਧਰ, ਪੁੱਡੂਚੇਰੀ ਵਿਚ ਏਆਈਐੱਨਆਰਸੀ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸੱਤਾ ਵੱਲ ਵਧਿਆ ਹੈ।
ਪੱਛਮੀ ਬੰਗਾਲ ਦੀਆਂ 292 ਸੀਟਾਂ ਵਿਚੋਂ ਦੇਰ ਰਾਤ ਤੱਕ 216 ਸੀਟਾਂ ਤ੍ਰਿਣਮੂਲ ਕਾਂਗਰਸ ਦੇ ਹਿੱਸੇ ਵਿਚ ਆਉਂਦੀਆਂ ਦਿਖ ਰਹੀਆਂ ਸਨ ਜਿਨ੍ਹਾਂ ਵਿਚੋਂ 93 ਸੀਟਾਂ ’ਤੇ ਪਾਰਟੀ ਜਿੱਤ ਹਾਸਲ ਕਰ ਚੁੱਕੀ ਸੀ ਅਤੇ 123 ਸੀਟਾਂ ’ਤੇ ਅੱਗੇ ਚੱਲ ਰਹੀ ਸੀ ਜਦੋਂਕਿ ਬਹੁਮਤ ਸਾਬਿਤ ਕਰਨ ਲਈ ਪਾਰਟੀ ਨੂੰ ਸਿਰਫ਼ 147 ਸੀਟਾਂ ਦੀ ਹੀ ਲੋੜ ਹੈ। ਹਾਲਾਂਕਿ, ਮਮਤਾ ਨੂੰ ਆਪਣੀ ਖ਼ੁਦ ਦੀ ਨੰਦੀਗ੍ਰਾਮ ਸੀਟ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਜਿਸ ਨੇ ਰਾਜ ਦੀ ਸੱਤਾ ’ਤੇ ਹਾਸਲ ਹੋਣ ਲਈ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ, ਰਾਤ 10 ਵਜੇ ਤੱਕ ਵੀ ਸਿਰਫ਼ 78 ਸੀਟਾਂ ’ਤੇ ਬੜ੍ਹਤ ਨਾਲ ਟੀਚੇ ਨਾਲੋਂ ਕਾਫੀ ਪਿੱਛੇ ਚੱਲਦੀ ਦੇਖੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਪੂਰਾ ਜ਼ੋਰ ਲਗਾਏ ਜਾਣ ਦੇ ਬਾਵਜੂਦ ਭਾਜਪਾ ਲਈ ਰਾਜ ਦੀ ਸੱਤਾ ਇਕ ਸੁਫ਼ਨਾ ਹੀ ਸਾਬਿਤ ਹੋਈ। ਉੱਧਰ, ਖੱਬੀ ਪਾਰਟੀਆਂ ਜੋ ਕਿਸੇ ਵੇਲੇ ਸੂਬੇ ਨੂੰ ਆਪਣਾ ਗੜ੍ਹ ਦੱਸਦੀਆਂ ਸਨ ਅਤੇ ਕਾਂਗਰਸ ਪਾਰਟੀ ਦਾ ਆਸ ਨਾਲੋਂ ਵੀ ਜ਼ਿਆਦਾ ਮਾੜਾ ਹਾਲ ਹੋਇਆ।
ਇਸ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣਾ ਪਹਿਲ ਹੈ।’’ ਉਨ੍ਹਾਂ ਕਿਹਾ ਕਿ ਕੋਈ ਵੱਡਾ ਸਹੁੰ ਚੁੱਕ ਸਮਾਗਮ ਨਹੀਂ ਕੀਤਾ ਜਾਵੇਗਾ ਅਤੇ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਹੀ ਕੋਲਕਾਤਾ ਵਿਚ ਜੇਤੂ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਬੰਗਾਲ ਤੇ ਲੋਕਤੰਤਰ ਦੀ ਜਿੱਤ ਹੈ।’’ ਵੋਟਾਂ ਦੀ ਵੰਡ ਦੇ ਮਾਮਲੇ ਵਿਚ ਰਾਜ ਵਿਚ ਤ੍ਰਿਣਮੂਲ ਕਾਂਗਰਸ ਨੂੰ 48.1 ਫ਼ੀਸਦ ਵੋਟਾਂ ਮਿਲੀਆਂ ਜਦੋਂਕਿ ਭਾਜਪਾ ਹਿੱਸੇ 37.8 ਫ਼ੀਸਦ ਵੋਟਾਂ ਆਈਆਂ ਹਨ।
ਹਾਲਾਂਕਿ ਅਸਾਮ ਵਿਚ ਭਾਜਪਾ ਖੁਸ਼ੀ ਦੇ ਰੌਂਅ ਵਿਚ ਦਿਖੀ। ਇੱਥੇ ਕਾਬਜ਼ ਧਿਰ ਐੱਨਡੀਏ, ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਤੋਂ ਕਾਫੀ ਅੱਗੇ ਦਿਖਿਆ। ਇੱਥੇ ਵਿਧਾਨ ਸਭਾ ਦੀਆਂ 126 ਸੀਟਾਂ ’ਚੋਂ 80 ਸੀਟਾਂ ਭਾਜਪਾ ਦੇ ਖਾਤੇ ਵਿਚ ਹਨ। ਰਾਤ 10 ਵਜੇ ਤੱਕ ਭਾਜਪਾ ਅੱਠ ਸੀਟਾਂ ਜਿੱਤ ਚੁੱਕੀ ਸੀ ਤੇ 53 ਸੀਟਾਂ ’ਤੇ ਅੱਗੇ ਚੱਲਦੀ ਰਹੀ, ਹਾਲਾਂਕਿ ਇਸ ਦੀ ਭਾਈਵਾਲ ਏਜੀਪੀ 11 ਸੀਟਾਂ ਤੇ ਯੂਪੀਪੀਐੱਲ ਅੱਠ ਸੀਟਾਂ ’ਤੇ ਅੱਗੇ ਚੱਲਦੀ ਰਹੀ। ਮਹਾਗੱਠਜੋੜ 40 ਸੀਟਾਂ ’ਤੇ ਅੱਗੇ ਚੱਲ ਰਿਹਾ ਸੀ ਜਿਸ ਵਿਚੋਂ 27 ਸੀਟਾਂ ਕਾਂਗਰਸ ਦੀਆਂ ਸਨ। ਅਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸੋਨੋਵਾਲ ਨੇ ਕਿਹਾ, ‘‘ਅਸੀਂ ਇਹ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਅਸਾਮ ਵਿਚ ਭਾਜਪਾ ਹੀ ਸਰਕਾਰ ਬਣਾਏਗੀ। ਅਸੀਂ ਆਪਣੇ ਭਾਈਵਾਲਾਂ ਏਜੀਪੀ ਤੇ ਯੂਪੀਪੀਐੱਲ ਨਾਲ ਮੁੜ ਸੱਤਾ ਵਿਚ ਆ ਰਹੇ ਹਾਂ।’’
ਕੇਰਲ ਵਿਚ ਖੱਬੀ ਧਿਰ ਦੀ ਅਗਵਾਈ ਵਾਲੇ ਗੱਠਜੋੜ ਐੱਲਡੀਐੱਫ ਨੇ ਇਕ ਹੋਰ ਕਾਰਜਕਾਲ ਦੀ ਤਿਆਰੀ ਕਰ ਲਈ ਹੈ। ਚਾਰ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਬਜ਼ ਧਿਰ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈੈ। ਐੱਲਡੀਐੱਫ ਦੇ ਦੋ ਮੁੱਖ ਹਿੱਸੇਦਾਰ ਸੀਪੀਐੱਮ ਤੇ ਸੀਪੀਆਈ ਮਿਲ ਕੇ 79 ਸੀਟਾਂ ’ਤੇ ਅੱਗੇ ਚੱਲ ਰਹੇ ਸਨ। 140 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਐਨੀਆਂ ਸੀਟਾਂ ਦਾ ਇਕ ਅੰਕੜਾ ਕਾਫੀ ਸੁਖਾਵਾਂ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, ‘‘ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਤੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਪਿਛਲੀ ਐੱਲਡੀਐੱਫ ਸਰਕਾਰ ਦੇ ਤਰੀਕੇ ’ਚ ਬੇਮਿਸਾਲ ਭਰੋਸਾ ਪ੍ਰਗਟਾਉਣ ਲਈ ਮੈਂ ਕੇਰਲ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਸ ਸਰਕਾਰ ਨੇ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਨੂੰ ਕੇਰਲ ਮਾਡਲ ਦਿੱਤਾ ਹੈ।’’ ਹਾਰਨ ਵਾਲੀਆਂ ਅਹਿਮ ਸ਼ਖਸੀਅਤਾਂ ਵਿਚ ‘ਮੈਟਰੋਮੈਨ’ ਈ ਸ੍ਰੀਧਰਨ ਸ਼ਾਮਲ ਸੀ ਜੋ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਤਾਮਿਲਨਾਡੂ ਵਿਚ ਡੀਐੱਮਕ 126 ਸੀਟਾਂ ’ਤੇ ਅੱਗੇ ਚੱਲ ਰਹੀ ਸੀ ਜਦੋਂਕਿ ਇਸ ਦੀ ਭਾਈਵਾਲ ਕਾਂਗਰਸ 16 ਸੀਟਾਂ ’ਤੇ ਅੱਗੇ ਸੀ। ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ’ਚੋਂ ਕਾਬਜ਼ ਧਿਰ ਏਆਈਏਡੀਐੱਮਕੇ ਕੋਲ ਸਿਰਫ਼ 76 ਸੀਟਾਂ ਆਉਂਦੀਆਂ ਦਿਖੀਆਂ। ਬਹੁਮਤ ਸਾਬਿਤ ਕਰਨ ਲਈ 118 ਸੀਟਾਂ ’ਤੇ ਜਿੱਤ ਦੀ ਲੋੜ ਹੈ। ਤਾਮਿਲਨਾਡੂ ਕਾਂਗਰਸ ਲਈ ਆਸ ਦੀ ਇਕ ਕਿਰਨ ਹੈ ਜਿੱਥੇ ਡੀਐੱਮਕੇ ਦੀ ਅਗਵਾਈ ਵਾਲਾ ਵਿਰੋਧੀ ਗੱਠਜੋੜ ਕਾਬਜ਼ ਧਿਰ ਏਆਈਏਡੀਐੱਮਕੇ ਤੇ ਭਾਜਪਾ ਦੇ ਗੱਠਜੋੜ ਨੂੰ ਪਿੱਛੇ ਧੱਕਦਾ ਹੋਇਆ ਨਜ਼ਰ ਆ ਰਿਹਾ ਹੈ। ਕਾਂਗਰਸ ਡੀਐੱਮਕੇ ਦੀ ਅਗਵਾਈ ਵਾਲੇ ਗੱਠਜੋੜ ਦਾ ਹਿੱਸਾ ਹੈ। -ਪੀਟੀਆਈ
ਬੰਗਾਲ ਨੇ ਭਾਰਤ ਬਚਾਅ ਲਿਆ: ਮਮਤਾ
ਕੋਲਕਾਤਾ: ਲੋਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਟੀਐਮਸੀ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਨੇ ਅੱਜ ਆਪਣੇ ਫ਼ਤਵੇ ਨਾਲ ਭਾਰਤ ਨੂੰ ‘ਬਚਾ ਲਿਆ ਹੈ।’ ਬੈਨਰਜੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਨਜਿੱਠਣਾ ਉਸ ਦੀ ਤਰਜੀਹ ਹੈ। ਮੁੱਖ ਮੰਤਰੀ ਨੇ ਪਾਰਟੀ ਆਗੂਆਂ ਨੂੰ ਕੋਈ ਜੇਤੂ ਰੈਲੀ ਨਾ ਕਰਨ ਲਈ ਕਿਹਾ। ਮਮਤਾ ਨੇ ਕਿਹਾ ‘ਇਹ ਬੰਗਾਲ ਦੇ ਲੋਕਾਂ ਦੀ ਜਿੱਤ ਹੈ, ਲੋਕਤੰਤਰ ਦੀ ਜਿੱਤ ਹੈ। ਇਹ ਜ਼ੋਰਦਾਰ ਜਿੱਤ ਬਹੁਤ ਔਖਿਆਈ ਮਗਰੋਂ ਮਿਲੀ ਹੈ- ਕੇਂਦਰ ਸਰਕਾਰ, ਇਸ ਦੀ ਮਸ਼ੀਨਰੀ ਤੇ ਏਜੰਸੀਆਂ ਨੇ ਟੀਐਮਸੀ ਵਿਰੁੱਧ ਪੂਰਾ ਜ਼ੋਰ ਲਾਇਆ ਹੈ। ਇਸ ਜਿੱਤ ਨੇ ਮਨੁੱਖਤਾ ਬਚਾ ਲਈ ਹੈ।’ ਕਰੀਬ ਦੋ ਮਹੀਨਿਆਂ ਮਗਰੋਂ ਆਪਣੇ ਪੈਰਾਂ ’ਤੇ ਖੜ੍ਹੀ ਬੈਨਰਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਮੈਂ ਹੁਣ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਕਈ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਠੀਕ ਹੋ ਗਈ ਹਾਂ ਤੇ ਪਲਾਸਟਰ ਲਾਹ ਦਿਆਂਗੀ।’ ਜ਼ਿਕਰਯੋਗ ਹੈ ਕਿ ਨੰਦੀਗ੍ਰਾਮ ਵਿਚ 10 ਮਾਰਚ ਨੂੰ ਮਮਤਾ ਦੇ ਸੱਟ ਲੱਗ ਗਈ ਸੀ ਤੇ ਉਦੋਂ ਤੋਂ ਉਹ ਵ੍ਹੀਲਚੇਅਰ ਉਤੇ ਪ੍ਰਚਾਰ ਕਰ ਰਹੀ ਸੀ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਾਅਦੇ ਮੁਤਾਬਕ ਲੋਕਾਂ ਦੇ ਮੁਫ਼ਤ ਵੈਕਸੀਨ ਲਾਏਗੀ। ਬੈਨਰਜੀ ਨੇ ਕਿਹਾ ਕਿ ਉਹ ਕੇਂਦਰ ਨੂੰ ਬੇਨਤੀ ਕਰਦੀ ਹੈ ਕਿ ਹਰ ਭਾਰਤੀ ਦੇ ਮੁਫ਼ਤ ਵੈਕਸੀਨ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਇਹ ਮੰਗ ਨਹੀਂ ਮੰਨਦੀ ਤਾਂ ਉਹ ਧਰਨੇ ਉਤੇ ਬੈਠੇਗੀ। ਬੈਨਰਜੀ ਨੇ ਨਾਲ ਹੀ ਕਿਹਾ ਕਿ ਸਹੁੰ ਚੁੱਕ ਸਮਾਗਮ ਵੱਡੇ ਪੱਧਰ ਉਤੇ ਨਹੀਂ ਕੀਤਾ ਜਾਵੇਗਾ ਤੇ ਇਹ ਸਾਧਾਰਨ ਹੀ ਹੋਵੇਗਾ। ਇਹ ਜਿੱਤ ਮਨਾਉਣ ਦਾ ਨਹੀਂ ਕੋਵਿਡ ਨਾਲ ਨਜਿੱਠਣ ਦਾ ਸਮਾਂ ਹੈ। ਉਨ੍ਹਾਂ ਚੋਣ ਕਮਿਸ਼ਨ, ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਉਤੇ ਵੀ ਨਿਸ਼ਾਨਾ ਸੇਧਿਆ। -ਪੀਟੀਆਈ
‘ਮਮਤਾ ਜਿੱਤ ਗਈ ਹੈ, ਮਮਤਾ ਹਾਰ ਗਈ ਹੈ’ ਦਾ ਸਾਰਾ ਦਿਨ ਪੈਂਦਾ ਰਿਹਾ ਰੌਲਾ
ਵੋਟਾਂ ਦੀ ਗਿਣਤੀ ਕੋਵਿਡ ਸਬੰਧੀ ਸਖ਼ਤ ਨੇਮਾਂ ਤਹਿਤ ਗਈ ਜਿਸ ਕਾਰਨ ਸਾਰਾ ਦਿਨ ਇਹੀ ਖੇਡ ਚੱਲਦੀ ਰਹੀ ਕਿ ‘ਮਮਤਾ ਜਿੱਤ ਗਈ ਹੈ, ਮਮਤਾ ਹਾਰ ਗਈ ਹੈ।’’ ਕੁਝ ਟੀਵੀ ਚੈਨਲਾਂ ਨੇ ਤਾਂ ਮਮਤਾ ਨੂੰ ਜੇਤੂ ਵੀ ਕਰਾਰ ਦੇ ਦਿੱਤਾ ਪਰ ਦੇਰ ਸ਼ਾਮ 8 ਵਜੇ ਤੋਂ ਬਾਅਦ ਚੋਣ ਕਮਿਸ਼ਨ ਨੇ ਰਸਮੀ ਤੌਰ ’ਤੇ ਐਲਾਨੇ ਗਏ ਨੰਦੀਗ੍ਰਾਮ ਸੀਟ ਦੇ ਨਤੀਜੇ ਵਿਚ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਨੂੰ ਜੇਤੂ ਕਰਾਰ ਦੇ ਦਿੱਤਾ।
ਨੰਦੀਗ੍ਰਾਮ ਦੇ ਨਤੀਜੇ ਵਿਰੁੱਧ ਅਦਾਲਤ ਜਾਣ ਦਾ ਐਲਾਨ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਵਿਚ ਕੋਈ ਸ਼ਰਾਰਤ ਹੋਈ ਹੈ ਤੇ ਉਹ ਚੋਣ ਨਤੀਜੇ ਵਿਰੁੱਧ ਅਦਾਲਤ ਜਾਵੇਗੀ। ਮਮਤਾ ਨੇ ਕਿਹਾ ‘ਅਸੀਂ ਬੰਗਾਲ ਵਿਚ ਵੱਡੀ ਜਿੱਤ ਦਰਜ ਕੀਤੀ ਹੈ ਪਰ ਮੈਂ ਨੰਦੀਗ੍ਰਾਮ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਦੀ ਹਾਂ। ਪਰ ਮੈਨੂੰ ਲੱਗਦਾ ਹੈ ਕਿ ਕੋਈ ਸ਼ਰਾਰਤ ਹੋਈ ਹੈ ਕਿਉਂਕਿ ਜਿੱਤ ਦੀ ਖ਼ਬਰ ਆਉਣ ਤੋਂ ਬਾਅਦ ਨਤੀਜਾ ਬਦਲਿਆ ਗਿਆ ਹੈ।’ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਮਮਤਾ ਨੂੰ 1956 ਵੋਟਾਂ ਨਾਲ ਹਾਰਿਆ ਦਰਸਾਇਆ ਗਿਆ ਹੈ।