ਪੁਰਸ਼ੋਤਮ ਸ਼ਰਮਾ
ਸੋਨੀਪਤ, 6 ਮਾਰਚ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ 100 ਦਿਨਾਂ ਤੋਂ ਧਰਨਾ ਲਗਾ ਰਹੇ ਕਿਸਾਨਾਂ ਨੇ ਅੱਜ ਸਵੇਰੇ 11 ਵਜੇ ਕੇਐੱਮਪੀ 136 ਕਿਲੋਮੀਟਰ ਲੰਮੇ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸਵੇਅ ਪਹੁੰਚ ਕੇ ਉਸ ਨੂੰ ਜਾਮ ਕਰ ਦਿੱਤਾ। ਇਹ ਜਾਮ ਪੰਜ ਘੰਟਿਆਂ ਤੱਕ ਸ਼ਾਮ ਚਾਰ ਵਜੇ ਤੱਕ ਕੀਤਾ ਗਿਆ। ਕਿਸਾਨਾਂ ਨੇ ਸਭ ਤੋਂ ਪਹਿਲਾਂ ਜ਼ੀਰੋ ਪੁਆਇੰਟ ਨੇੜੇ ਕੇਐੱਮਪੀ ’ਤੇ ਜਾਮ ਲਗਾਇਆ। ਉਸ ਤੋਂ ਕੁੱਝ ਦੂਰ ਇਕ ਹੋਰ ਥਾਂ ’ਤੇ ਰੋਡ ਜਾਮ ਕਰ ਦਿੱਤੀ। ਖਰਖੌਦਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜਾਮ ਲਗਾ ਦਿੱਤਾ। ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੇਐੱਮਪੀ ਤੇ ਇਸ ਨੇੜੇ ਪੁਲੀਸ ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਪੁਲੀਸ ਨੇ ਵਾਹਨ ਚਾਲਕਾਂ ਨੂੰ ਹੋਰ ਰੂਟਾਂ ਤੋਂ ਮੰਜ਼ਿਲ ਵੱਲ ਰਵਾਨਾ ਕੀਤਾ। ਮੁਰਥਲ ਤੋਂ ਵਾਹਨਾਂ ਨੂੰ ਸੋਨੀਪਤ ਭੇਜਿਆ।
ਫਰੀਦਾਬਾਦ(ਕੁਲਵਿੰਦਰ ਕੌਰ ਦਿਓਲ): ਪਲਵਲ-ਕੁੰਡਲੀ ਮਾਰਗ ਦੇ ਪਲਵਲ ਤੋਂ ਸ਼ੁਰੂ ਹੁੰਦੇ ਹਿੱਸੇ ਉਪਰ ਧਰਨਾ ਦੇ ਕੇ ਕੁੰਡਲੀ-ਮਾਨੇਸਰ-ਪਲਵਲ ਮਾਰਗ (ਕੇਐੱਮਪੀ) 5 ਘੰਟੇ ਲਈ ਜਾਮ ਕਰ ਦਿੱਤਾ।
ਇਸ ਕਰਕੇ ਆਗਰਾ-ਦਿੱਲੀ ਤੋਂ ਆ ਰਹੀ ਆਵਾਜਾਈ ਨੂੰ ਸਥਾਨਕ ਟਰੈਫਿਕ ਪੁਲੀਸ ਵੱਲੋਂ ਹੋਰ ਰੂਟਾਂ ਵੱਲ ਮੋੜ ਦਿੱਤਾ। ਚਾਰ ਸੌ ਤੋਂ ਵੱਧ ਕਿਸਾਨਾਂ ਨੇ ਅੱਜ ਦਿਨ ਦੇ ਸਵੇਰੇ 11 ਵਜੇ ਪਲਵਲ ਤੋਂ ਕੁੰਡਲੀ ਨੂੰ ਸ਼ੁਰੂ ਹੁੰਦੇ ਮਾਰਗ ਨੂੰ ਜਾਮ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਲਵਲ-ਆਗਰਾ ਮਾਰਗ ਦੇ ਕਿਨਾਰੇ ਮੋਰਚਾ ਲਾ ਕੇ ਬੈਠੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਉੱਦੋਂ ਤੱਕ ਇਸ ਮੋਰਚੇ ਤੋਂ ਨਹੀਂ ਉੱਠਣਗੇ, ਜਦੋਂ ਕੇਂਦਰ ਸਰਕਾਰ ਕਿਸਾਨ ਮਾਰੂ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ। ਵੱਖ-ਵੱਖ ਕਿਸਾਨ ਆਗੂਆਂ ਨੇ ਪੰਜ ਘੰਟੇ ਭਾਸ਼ਨ ਦਿੱਤੇ ਜਿਨ੍ਹਾਂ ਦੀ ਸੁਰ ਕੇਂਦਰ ਸਰਕਾਰ ਖ਼ਿਲਾਫ਼ ਸੀ।