ਜਗਮੋਹਨ ਸਿੰਘ
ਘਨੌਲੀ, 2 ਜੁਲਾਈ
ਬੀਤੇ ਦੋ ਦਿਨਾਂ ਤੋਂ ਰੁਕ-ਰੁਕ ਕੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅਵਾਨਕੋਟ ਨੇੜਲੇ ਲਗਪਗ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੀ ਝੋਨੇ ਦੀ ਫ਼ਸਲ ਗੋਡੇ-ਗੋਡੇ ਪਾਣੀ ਵਿੱਚ ਡੁੱਬ ਗਈ ਹੈ। ਇਸ ਸਬੰਧੀ ਇਲਾਕੇ ਦੇ ਕਿਸਾਨਾਂ ਦੀਦਾਰ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ ਤੇ ਅਵਤਾਰ ਸਿੰਘ ਆਦਿ ਨੇ ਪਾਣੀ ਵਿੱਚ ਡੁੱਬੀ ਫਸਲ ਦਿਖਾਉਂਦਿਆਂ ਦੱਸਿਆ ਕਿ ਪਿੰਡ ਅਵਾਨਕੋਟ, ਆਸਪੁਰ, ਕੋਟਬਾਲਾ, ਆਲੋਵਾਲ,ਹਿੰਮਤਪੁਰ, ਕੀਮਤਪੁਰ ਤੇ ਖਰੋਟਾ ਆਦਿ ਪਿੰਡਾਂ ਦੀ ਕਰੀਬ 150 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਗੋਡ-ਗੋਡੇ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਖੜ੍ਹ ਗਿਆ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਥੋੜਾ ਸਮਾਂ ਪਹਿਲਾਂ ਲੋਕ ਨਿਰਮਾਣ ਵਿਭਾਗ ਵੱਲੋਂ ਲਿੰਕ ਸੜਕ ਦੀ ਮੁਰੰਮਤ ਕਰਦੇ ਸਮੇਂ ਇਸ ਸੜਕ ’ਤੇ ਖੇਤਾਂ ਦੇ ਪਾਣੀ ਦੇ ਨਿਕਾਸ ਲਈ ਬਣੀ ਪੁਲੀ ਨੂੰ ਚਾਲੂ ਨਹੀਂ ਕੀਤਾ ਗਿਆ, ਜਿਸ ਕਰ ਕੇ ਇਹ ਸਮੱਸਿਆ ਪੇਸ਼ ਆਈ ਹੈ।
ਕੀ ਕਹਿੰਦੇ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ
ਐੱਸਡੀਓ ਰਾਜਵੀਰ ਸਿੰਘ ਤੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਰਸਾਤ ਤੋਂ ਪਹਿਲਾਂ ਸਮੱਸਿਆ ਦਾ ਪੱਕਾ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਵਿਭਾਗ ਦੇ ਕਰਮਚਾਰੀ ਉਕਤ ਜਗ੍ਹਾ ਵਿੱਚ ਪਾਈਪਾਂ ਪਾਉਣ ਗਏ ਸਨ ਪਰ ਜ਼ਮੀਨ ਲੋਕਾਂ ਦੀ ਨਿੱਜੀ ਮਲਕੀਅਤ ਹੋਣ ਕਾਰਨ ਸਬੰਧਤ ਕਿਸਾਨਾਂ ਨੇ ਆਪੋ-ਆਪਣੀ ਜ਼ਮੀਨ ’ਚ ਪਾਈਪਾਂ ਨਹੀਂ ਪਾਉਣ ਦਿੱਤੀਆਂ। ਜੇਕਰ ਕਿਸਾਨ ਆਪਸੀ ਸਹਿਮਤੀ ਕਰ ਲੈਣ ਤਾਂ ਪਾਈਪਾਂ ਪਾ ਕੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।