ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਸਾਹਿਤ ਅਕਾਦਮੀ ਤੇ ਸਭਿਆਚਾਰ ਵਿਭਾਗ ਭਾਰਤ ਸਰਕਾਰ ਵਲੋਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੋ ਦਿਨਾ ਕੌਮੀ ਸੈਮੀਨਾਰ ਕਰਵਾਇਆ ਗਿਆ। ‘ਰਾਸ਼ਟਰੀ ਭਾਵਨਾਤਮਕ ਏਕਤਾ ਤੇ ਗੁਰੂ ਤੇਗ਼ ਬਹਾਦਰ’ ਵਿਸ਼ੇ ਉਤੇ ਸੈਮੀਨਾਰ ਆਨਲਾਈਨ ਕੀਤਾ ਗਿਆ। ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਗੁਰੂ ਤੇਗ਼ ਬਹਾਦਰ ਦੇ ਜੀਵਨ ਤੇ ਆਦਰਸ਼ਾਂ ਉਤੇ ਰੋਸ਼ਨੀ ਪਾਉਂਦਿਆਂ ਦੇਸ਼ ਦੀ ਧਾਰਮਿਕ, ਭਾਵਨਾਤਮਕ ਅਤੇ ਵਿਚਾਰਧਾਰਕ ਸੁਤੰਤਰਤਾ ਲਈ ਗੁਰੂ ਸਾਹਿਬ ਦੇ ਅਦੁੱਤੀ ਬਲੀਦਾਨ ਦਾ ਜ਼ਿਕਰ ਕੀਤਾ। ਡਾ. ਵਨੀਤਾ ਨੇ ਇਕ ਕਵਿਤਾ ਰਾਹੀਂ ਗੁਰੂ ਸਾਹਿਬ ਦੀ ਅਦੁੱਤੀ ਸ਼ਖਸੀਅਤ ਉਤੇ ਚਾਨਣਾ ਪਾਇਆ। ਪ੍ਰੋਫੈਸਰ ਕਪਿਲ ਕਪੂਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਦੇ ਸਮੇਂ ਦੀ ਰਾਜਨੀਤਕ ਹਾਲਤ ਵਿਚੋਂ ਹੀ ਦਸ ਗੁਰੂ ਸਾਹਿਬਾਨ ਦੀ ਭਾਰਤੀ ਸਮਾਜ ਨੂੰ ਦੇਣ ਨੂੰ ਸਮਝਿਆ ਜਾ ਸਕਦਾ ਹੈ। ਰਿਗਵੇਦ ਤੇ ਗੁਰੂ ਗ੍ਰੰਥ ਸਾਹਿਬ ਭਾਰਤੀ ਗਿਆਨ ਪਰੰਪਰਾ ਦੀਆਂ ਦੋ ਅਹਿਮ ਕੜੀਆਂ ਹਨ ਅਤੇ ਇਹ ਦੋਵੇਂ ਪੰਜਾਬ ਦੀ ਧਰਤੀ ਦੀ ਦੇਣ ਹਨ। ਡਾ. ਜਗਬੀਰ ਸਿੰਘ ਨੇ ਭਾਰਤੀ ਗਿਆਨ ਪਰੰਪਰਾ ਦਾ ਹਵਾਲਾ ਦਿੰਦਿਆਂ ਵੇਰਵੇ ਦਿੱਤੇ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਹੀ ਰਾਸ਼ਟਰੀ ਭਾਵਨਾਤਮਕ ਏਕਤਾ ਦਾ ਸਭ ਤੋਂ ਵਡਾ ਪ੍ਰਮਾਣ ਹੈ। ਗੁਰੂ ਸਾਹਿਬ ਦੀ ਫਿਲਾਸਫੀ ਤੇ ਸਮੁੱਚਾ ਜੀਵਨ ਹੀ ਧਰਮ ਦੀ ਰਾਖੀ ਲਈ ਸਮਰਪਿਤ ਹੈ। ਉਦਘਾਟਨੀ ਸੈਸ਼ਨ ਦੇ ਸ਼ੁਰੂ ਵਿਚ ਨਿਵੇਦਿਤਾ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਵਿਚੋਂ ਸ਼ਬਦ ਗਾਇਨ ਕੀਤਾ।
ਪਹਿਲੇ ਸੈਸ਼ਨ ਵਿਚ ਡਾ ਬਲਕਾਰ ਸਿੰਘ ਤੇ ਡਾ ਮਨਮੋਹਨ ਨੇ ਆਪਣੇ ਪਰਚੇ ਪੇਸ਼ ਕੀਤੇ ਤੇ ਡਾ ਐਸ ਪੀ ਸਿੰਘ ਨੇ ਪ੍ਰਧਾਨਗੀ ਕੀਤੀ। ਦੂਜੇ ਸੈਸ਼ਨ ਵਿਚ ਡਾ ਜਗਦੀਸ਼ ਸਿੰਘ ਨਾਦ ਪ੍ਰਕਾਸ਼ ਤੇ ਡਾ ਹਰਬੰਸ ਕੌਰ ਸਾਗੂ ਨੇ ਵਿਚਾਰ ਪੇਸ਼ ਕੀਤੇ ਤੇ ਪ੍ਰਧਾਨਗੀ ਡਾ ਰਵੇਲ ਸਿੰਘ ਨੇ ਕੀਤੀ। ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ ਹਰਮੋਹਿੰਦਰ ਸਿੰਘ ਬੇਦੀ ਨੇ ਕੀਤੀ ਤੇ ਡਾ ਮਨਜਿੰਦਰ ਸਿੰਘ , ਡਾ ਗੁਰਮੀਤ ਸਿੰਘ ਸਿੱਧੂ ਨੇ ਪਰਚੇ ਪੜ੍ਹੇ। ਇਨ੍ਹਾਂ ਸੈਸ਼ਨਾਂ ਦੌਰਾਨ ਵਕਤਿਆਂ ਨੇ ਰਾਸ਼ਟਰ ਨੂੰ ਪਰਿਭਾਸ਼ਤ ਕਰਨ ਦਾ ਯਤਨ ਕੀਤਾ।
ਆਖਰੀ ਸੈਸ਼ਨ ਦੀ ਪ੍ਰਧਾਨਗੀ ਆਸਾਮੀ ਲੇਖਕ ਤੇ ਵਿਦਵਾਨ ਧਰੁਵ ਜਯੋਤੀ ਵੋਹਰਾ ਨੇ ਕੀਤੀ ਅਤੇ ਇਸ ਵਿਚ ਤੇਲਗੂ ਭਾਸ਼ਾ ਦੇ ਮੁਕੰਦ ਰਾਮਾ ਰਾਓ,ਤਾਮਿਲ ਭਾਸ਼ਾ ਤੋਂ ਐਨ ਮੁਥੂ ਮੋਹਨ,ਬੰਗਾਲੀ ਭਾਸ਼ਾ ਤੋਂ ਹਿਮਾਦਰੀ ਬੈਨਰਜੀ ਅਤੇ ਪੰਜਾਬ ਤੋਂ ਡਾ. ਸਰਬਜਿੰਦਰ ਸਿੰਘ ਨੇ ਆਪਣੇ ਪਰਚੇ ਪੇਸ਼ ਕੀਤੇ।