ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਿਵਸ): ਕਾਂਗਰਸ ਹਾਈਕਮਾਨ ਨੇ ਅੱਜ ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਨੇ ਪੰਜ ਨਵੇਂ ਮੀਤ ਪ੍ਰਧਾਨ, ਇੱਕ ਖ਼ਜ਼ਾਨਚੀ ਅਤੇ ਇੱਕ ਜਨਰਲ ਸਕੱਤਰ ਦੀ ਨਿਯੁਕਤੀ ਕੀਤੀ ਹੈ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਹਾਈਕਮਾਨ ਨੇ ਫ਼ਿਲਹਾਲ ਕਿਸੇ ਅਹੁਦੇ ’ਤੇ ਤਾਇਨਾਤੀ ਨਹੀਂ ਕੀਤੀ ਹੈ। ਕਾਂਗਰਸ ਹਾਈਕਮਾਨ ਨੇ ਅਰੁਣਾ ਚੌਧਰੀ, ਇੰਦਰਬੀਰ ਸਿੰਘ ਬੁਲਾਰੀਆ, ਕੁਸ਼ਲਦੀਪ ਸਿੰਘ ਢਿੱਲੋਂ, ਪਰਗਟ ਸਿੰਘ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਮੀਤ ਪ੍ਰਧਾਨ ਬਣਾਇਆ ਹੈ ਜਦੋਂ ਕਿ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਨਰਲ ਸਕੱਤਰ ਲਾਇਆ ਗਿਆ ਹੈ। ਸ੍ਰੀ ਅਮਿਤ ਵਿੱਜ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਕਈ ਕਾਰਜਕਾਰੀ ਪ੍ਰਧਾਨ ਵੀ ਲਗਾਏ ਸਨ। ਉਂਜ ਹਰਿਆਣਾ ’ਚ ਕਾਂਗਰਸ ਨੇ ਨਵੇਂ ਪ੍ਰਧਾਨ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਲਾਏ ਹਨ ਪਰ ਪੰਜਾਬ ’ਚ ਰਾਜਾ ਵੜਿੰਗ ਦੇ ਨਾਲ ਸਿਰਫ਼ ਇੱਕ ਹੀ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੂੰ ਲਾਇਆ ਗਿਆ ਹੈ। ਮੀਤ ਪ੍ਰਧਾਨਾਂ ਦੀ ਨਵੀਂ ਸੂਚੀ ਵਿਚ ਕਾਂਗਰਸ ਨੇ ਦੁਆਬੇ ’ਚੋਂ ਤਿੰਨ ਚਿਹਰੇ, ਮਾਝਾ ਅਤੇ ਮਾਲਵੇ ’ਚੋਂ ਇੱਕ-ਇੱਕ ਚਿਹਰਾ ਲਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਰਹੇ ਪਰਗਟ ਸਿੰਘ ਨੂੰ ਹੁਣ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਉਹ ਜਨਰਲ ਸਕੱਤਰ ਬਣਾਏ ਗਏ ਸਨ। ਸੂਚੀ ਵਿਚ ਇੱਕ ਮਹਿਲਾ ਆਗੂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇਸ ਨਵੀਂ ਟੀਮ ਲਈ ਆਗਾਮੀ ਲੋਕ ਸਭਾ ਚੋਣਾਂ ਦੀ ਵੱਡੀ ਚੁਣੌਤੀ ਹੋਵੇਗੀ। ਉਸ ਤੋਂ ਪਹਿਲਾਂ ਸੰਗਰੂਰ ਦੀ ਜ਼ਿਮਨੀ ਚੋਣ ਵੀ ਸਿਰ ’ਤੇ ਹੈ।