ਕਰਮਜੀਤ ਸਿੰਘ ਚਿੱਲਾ
ਬਨੂੜ, 2 ਜੁਲਾਈ
ਥਾਣਾ ਬਨੂੜ ਦੀ ਪੁਲੀਸ ਨੇ 7 ਜੂਨ ਦੀ ਰਾਤ ਨੂੰ ਬਨੂੜ-ਲਾਂਡਰਾਂ ਮਾਰਗ ਉੱਤੇ ਬਨੂੜ ਦੇ ਹਾਊਸਫ਼ੈੱਡ ਕੰਪਲੈਕਸ ਵਿੱਚ ਰਹਿੰਦੇ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਕੋਲੋਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੂਗਲ ਪੇਅ ਰਾਹੀਂ ਤਿੰਨ ਹਜ਼ਾਰ ਰੁਪਏ ਲੁੱਟੇ ਜਾਣ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਪੁਲੀਸ ਨੇ ਮਾਮਲੇ ਵਿੱਚ ਸ਼ਾਮਲ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਦੂਜੇ ਦੋ ਆਰੋਪੀ ਵੀ ਨਾਬਾਲਗ ਹੀ ਦੱਸੇ ਜਾ ਰਹੇ ਹਨ।
ਬਨੂੜ ਪੁਲੀਸ ਨੇ ਇਸ ਮਾਮਲੇ ਸਬੰਧੀ ਸਾਈਬਰ ਕ੍ਰਾਈਮ ਸੈੱਲ ਅਤੇ ਸੀਆਈਏ ਸਟਾਫ਼ ਨਾਲ ਮਿਲ ਕੇ ਲੁੱਟ ਕਰਨ ਵਾਲਿਆਂ ਦਾ ਥਹੁ ਪਤਾ ਲਗਾ ਲਿਆ। ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੇ ਜਾਂਚ ਅਧਿਕਾਰੀ ਜਸਵਿੰਦਰ ਪਾਲ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।