ਜਗਤਾਰ ਅਨਜਾਣ
ਮੌੜ ਮੰਡੀ, 2 ਜੁਲਾਈ
ਨੇੜਲੇ ਪਿੰਡ ਘੁੰਮਣ ਕਲਾਂ ‘ਚ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਸਾਤ ਦੀ ਭੇਟ ਚੜ੍ਹ ਗਈ ਹੈ। ਕਈ ਘੰਟੇ ਪਈ ਮੂਸਲੇਧਾਰ ਬਾਰਸ਼ ਨਾਲ ਖੇਤਾਂ ’ਚ ਦੋ ਤੋਂ ਚਾਰ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਪਿੰਡ ਘੁੰਮਣ ਕਲਾਂ ਦੇ ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ 400 ਏਕੜ ਤੋਂ ਵਧੇਰੇ ਏਰੀਏ ਵਿੱਚ ਖੜੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ। ਮੀਂਹ ਨਾਲ ਝੋਨੇ ਦੀ 300 ਏਕੜ , ਮੂੰਗੀ ਦੀ 30 ਏਕੜ ਅਤੇ ਨਰਮੇ ਦੀ 50 ਏਕੜ ਫ਼ਸਲ ਬਰਬਾਦ ਹੋਈ ਹੈ। ਕਿਸਾਨ ਕਮਲਦੀਪ ਸਿੰਘ ਦੀ 3 ਏਕੜ ਮੱਕੀ ਦੀ ਫ਼ਸਲ ਵੀ ਮੀਂਹ ਦੀ ਭੇਟ ਚੜ੍ਹ ਗਈ ਹੈ। ਘੁੰਮਣ ਕਲਾਂ ਦੇ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦੀ 20 ਏਕੜ, ਪਰਮਜੀਤ ਸਿੰਘ, ਬੁੱਕਣ ਸਿੰਘ, ਮਲਕੀਤ ਸਿੰਘ ਦੀ 15 ਏਕੜ, ਗੁਰਵਿੰਦਰ ਸਿੰਘ ਆਦਿ ਦੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਕਿਸਾਨ ਦਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਂਹ ਕਾਰਨ ਝੋਨੇ ਦੀ ਪੌਦ ਵੀ ਖਤਮ ਹੋ ਗਈ। ਇਸ ਕਾਰਨ ਕਿਸਾਨਾਂ ਨੂੰ ਪਨੀਰੀ ਮਹਿੰਗੇ ਭਾਅ ’ਤੇ ਖਰੀਦ ਕੇ ਲਾਉਣ ਦੀ ਨਵੀਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਬੀ ਕੇ ਯੂ ਉਗਰਾਹਾਂ ਦੇ ਕਿਸਾਨ ਆਗੂ ਸਿਕੰਦਰ ਸਿੰਘ, ਅਮਰਜੀਤ ਸਿੰਘ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਘੁੰਮਣ ਕਲਾਂ ਦੇ ਖੇਤਾਂ ’ਚ ਪਾਣੀ ਭਰਨ ਨਾਲ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਕੇ ਮੁਆਵਜ਼ੇ ਦਾ ਐਲਾਨ ਕਰੇ। ਮੀਂਹ ਦੇ ਪਾਣੀ ਕਾਰਨ ਪਿੰਡ ਘੁੰਮਣ ਖੁਰਦ , ਕੋਟਲੀ, ਭਾਈ ਦੇਸ਼ਾ ਤੇ ਖੜਕ ਸਿੰਘ ਵਾਲਾ ਵਿੱਚ ਵੀ ਫਸਲਾਂ ਨੁਕਸਾਨੇ ਜਾਣ ਦਾ ਵੀ ਪਤਾ ਚਲਿਆ ਹੈ।