ਪੇਈਚਿੰਗ, 26 ਸਤੰਬਰ
ਭਾਰਤ ਨੇ ਚੀਨ ਨੂੰ ਬਿਆਨਾਂ ਤੋਂ ਨਾ ਮੁਕਰਨ ਅਤੇ ਸਰਹੱਦੀ ਮਾਮਲਿਆਂ ਦੇ ਪ੍ਰਬੰਧਨ ’ਚ ਦੁਚਿੱਤੀ ਦਾ ਮਾਹੌਲ ਪੈਦਾ ਨਾ ਕਰਕੇ ਦੋਵੇਂ ਮੁਲਕਾਂ ’ਚ ਸ਼ਾਂਤੀ ਬਹਾਲ ਕਰਨ ਨੂੰ ਕਿਹਾ ਹੈ। ਪਿਛਲੇ ਸਾਲ ਮਈ ’ਚ ਪੂਰਬੀ ਲੱਦਾਖ ’ਚ ਪੈਦਾ ਹੋਏ ਟਕਰਾਅ ਤੋਂ ਬਾਅਦ ਭਾਰਤ ਲਗਾਤਾਰ ਆਖਦਾ ਆ ਰਿਹਾ ਹੈ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਵਿਕਾਸ ਲਈ ਜ਼ਰੂਰੀ ਹੈ। ਚੀਨ ’ਚ ਭਾਰਤੀ ਸਫ਼ੀਰ ਵਿਕਰਮ ਮਿਸ਼ਰੀ ਨੇ 23 ਸਤੰਬਰ ਨੂੰ ਚੀਨ-ਭਾਰਤ ਰਿਸ਼ਤਿਆਂ ’ਤੇ ਚੌਥੀ ਉੱਚ ਪੱਧਰੀ ਟਰੈਕ-2 ਵਾਰਤਾ ’ਚ ਕਿਹਾ ਕਿ ਗੁਆਂਢੀ ਹੋਣ ਤੋਂ ਇਲਾਵਾ ਭਾਰਤ ਅਤੇ ਚੀਨ ਵੱਡੇ ਤੇ ਉਭਰਦੇ ਅਰਥਚਾਰੇ ਹਨ ਅਤੇ ਮੱਤਭੇਦ ਤੇ ਸਮੱਸਿਆਵਾਂ ਹੋਣਾ ਆਮ ਗੱਲ ਹੈ। ਮਿਸ਼ਰੀ ਨੇ ਕਿਹਾ ਕਿ ਅਹਿਮ ਸਵਾਲ ਇਹ ਹੈ ਕਿ ਅਜਿਹੀਆਂ ਮੁਸ਼ਕਲਾਂ ਨਾਲ ਕਿਵੇਂ ਨਜਿੱਠਿਆ ਜਾਵੇ ਅਤੇ ਸਰਹੱਦਾਂ ’ਤੇ ਸ਼ਾਂਤੀ ਬਣਾਈ ਰੱਖੀ ਜਾਵੇ। ਚੀਨ ਵੱਲੋਂ ਸਫ਼ੀਰ ਸੁਨ ਵੀਡੌਂਗ ਨੇ ਬੈਠਕ ’ਚ ਹਿੱਸਾ ਲਿਆ।
ਭਾਰਤੀ ਸਫ਼ੀਰ ਨੇ ਕਿਹਾ ਕਿ ਦੋਵੇਂ ਮੁਲਕ ਦੁਵੱਲੇ ਸਬੰਧਾਂ ’ਚ ਤਣਾਅ ਵਾਲੇ ਮਸਲਿਆਂ ਦੇ ਹੱਲ ਲਈ ਇਕ ਮੰਚ ’ਤੇ ਆਉਣ ਨਾਲ ਇਨ੍ਹਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੋ ਕੁਝ ਹੋਇਆ, ਉਸ ਦੇ ਬਾਵਜੂਦ ਭਾਰਤ ਨੇ ਆਪਣਾ ਰਵੱਈਆ ਨਹੀਂ ਬਦਲਿਆ ਹੈ। ਮਿਸ਼ਰੀ ਨੇ ਕਿਹਾ ਕਿ ਚੀਨ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ਇਕਪਾਸੜ ਬਿਆਨ ਨਹੀਂ ਦੇਣੇ ਚਾਹੀਦੇ ਹਨ। -ਪੀਟੀਆਈ