ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 28 ਜਨਵਰੀ
ਨਗਰ ਨਿਗਮ ਜਲੰਧਰ ਦੇ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਅੱਜ ਦੁਪਹਿਰ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਅੱਜ ਸਾਬਕਾ ਕੌਂਸਲਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਮਗਰੋਂ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਕੀਤੀ। ਸੁਸ਼ੀਲ ਕਾਲੀਆ ਵਿੱਕੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਰੁੱਧ ਕਾਂਗਰਸ ਦੀ ਸਰਕਾਰ ਸਮੇਂ ਵਿਧਾਇਕ ਨਿਧੀ ਯੋਜਨਾ ਵਿੱਚ 50 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਸੀ।ਵਿਧਾਇਕ ਬਾਵਾ ਹੈਨਰੀ ਨੇ ਵਿਧਾਇਕ ਨਿਧੀ ਵਿੱਚੋਂ ਛੇ ਵੈੱਲਫੇਅਰ ਸੁਸਾਇਟੀਆਂ ਨੂੰ 10-10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਇਹ ਰਾਸ਼ੀ ਬੈਂਕ ਖਾਤੇ ਵਿੱਚੋਂ ਤਾਂ ਨਿਕਲ ਗਈ ਪਰ ਅੱਗੇ ਕਿਸੇ ਵਰਤੋਂ ਵਿੱਚ ਨਹੀਂ ਆਈ। ਸਰਕਾਰ ਵੱਲੋਂ ਇਸ ਸਬੰਧੀ ਜਾਂਚ ਏਡੀਸੀ ਤੋਂ ਕਰਵਾਈ ਗਈ। ਜਾਂਚ ਦੌਰਾਨ ਸੁਸ਼ੀਲ ਕਾਲੀਆ, ਉਨ੍ਹਾਂ ਦੇ ਲੜਕੇ ਅੰਸ਼ੂਮਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਸੁਸ਼ੀਲ ਕਾਲੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਦੇ ਪੁੱਤਰ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ, ਜਿਸ ਕਾਰਨ ਉਹ ਹਰ ਸਮੇਂ ਤਣਾਅ ਵਿੱਚ ਰਹਿੰਦੇ ਸਨ।
ਇਸ ਸਬੰਧ ਵਿੱਚ ਪੁਲੀਸ ਨੂੰ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿਚ ਸੁਸ਼ੀਲ ਕਾਲੀਆ ਨੇ ਕੁੱਝ ਲੋਕਾਂ ਨਾਲ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਹੀ ਹੈ। ਕਾਲੀਆ ਨੇ ਲਿਖਿਆ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਤੇ ਹੋਰ ਕਈਆਂ ਨੂੰ ਉਸ ਨੇ ਪੈਸੇ ਦਿੱਤੇ ਸਨ ਪਰ ਉਕਤ ਵਿਅਕਤੀ ਉਸ ਨੂੰ ਬਲੈਕਮੇਲ ਕਰਦੇ ਸਨ। ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਜਤਿੰਦਰ ਕੁਮਾਰ ਨੇ ਕਿਹਾ ਕਿ ਸੁਸ਼ੀਲ ਕਾਲੀਆ ਦਾ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਇਸ ਸਬੰਧ ਵਿੱਚ ਭਾਜਪਾ ਦੇ ਵਿਧਾਇਕ ਕੇ.ਡੀ. ਭੰਡਾਰੀ ਨੇ ਕਿਹਾ ਕਿ ਉਹ ਸੁਸ਼ੀਲ ਕਾਲੀਆ ਨੂੰ ਕਾਫੀ ਸਾਲਾਂ ਤੋਂ ਨਹੀਂ ਮਿਲੇ ਹਨ ਤੇ ਉਨ੍ਹਾਂ ‘ਤੇ ਲੱਗੇ ਦੋਸ਼ ਗਲਤ ਹਨ।