ਸਾਹਿਬ ਸਿੰਘ ਬਡਬਰ
ਜੋ ਸ਼ਖ਼ਸ ਜਿ਼ੰਦਗੀ ਵਿਚ ਲੋਕਾਂ ਲਈ ਕੁਝ ਕਰ ਗੁਜ਼ਰਦੇ ਹਨ, ਲੋਕ ਉਨ੍ਹਾਂ ਨੂੰ ਆਪਣੇ ਚੇਤਿਆਂ ਵਿਚ ਹਮੇਸ਼ਾ ਵਸਾ ਕੇ ਰੱਖਦੇ ਹਨ। ਅੱਜ ਸੇਵਾ-ਮੁਕਤ ਹੋ ਰਹੀ ਗੁਰਮੀਤ ਸਿੰਘ ਸੁਖਪੁਰ ਅਤੇ ਸਤਵਿੰਦਰ ਕੌਰ ਦੀ ਅਧਿਆਪਕ ਜੋੜੀ ਵੀ ਅਜਿਹੇ ਲੋਕਾਂ ਵਿਚੋਂ ਹੈ ਜਿਸ ਨੂੰ ਇਨ੍ਹਾਂ ਦੇ ਸਮਕਾਲੀ ਅਧਿਆਪਕ, ਵਿਦਿਆਰਥੀ ਤੇ ਵਿਦਿਆਰਥੀਆਂ ਦੇ ਮਾਪੇ ਹਮੇਸ਼ਾ ਯਾਦ ਰੱਖਣਗੇ। ਲੋਕ ਹਿਤਾਂ ਨੂੰ ਪ੍ਰਨਾਏ ਸੰਘਰਸ਼ਸ਼ੀਲ ਗੁਰਮੀਤ ਸਿੰਘ ਸੁਖਪੁਰ ਨੇ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਮਿਹਨਤਕਸ਼ ਜਮਾਤ ਨਾਲ ਹੁੰਦੀ ਬੇਇਨਸਾਫ਼ੀ ਵਿਰੁੱਧ ਡਟਣ ਮੌਕੇ ਸਰਕਾਰੀ ਨੌਕਰੀ ਹੱਥੋਂ ਜਾਣ ਜਾਂ ਹਾਕਮਾਂ ਦੇ ਤਸ਼ੱਦਦ ਦੀ ਕਦੇ ਪਰਵਾਹ ਨਹੀਂ ਕੀਤੀ। ਉਹ ਲੋਕਾਂ ਦੇ ਮਸਲਿਆਂ ਲਈ ਤਿੱਖੜ ਦੁਪਹਿਰਿਆਂ ਨੂੰ ਵੀ ਸੜਕਾਂ ’ਤੇ ਮੋਟਰਸਾਇਕਲ ਭਜਾਈ ਫਿਰਦਾ ਹੈ। ਇਹ ਸਾਰਾ ਕੁਝ ਕਰਨ ਵਿਚ ਇਨ੍ਹਾਂ ਦੀ ਜੀਵਨ ਸਾਥਣ ਅੰਗਰੇਜ਼ੀ ਵਿਸ਼ੇ ਦੀ ਲੈਕਚਰਾਰ ਸਤਵਿੰਦਰ ਕੌਰ ਨੇ ਹਰ ਪਲ ਡਟ ਕੇ ਸਾਥ ਦਿੱਤਾ ਹੈ। ਨ੍ਹੇਰਿਆਂ ਅਤੇ ਕਾਲਖਾਂ ਨੂੰ ਸਮਾਜ ਦੇ ਚਿਹਰੇ ਤੋਂ ਮਿਟਾਉਣ ਲਈ ਚਾਨਣ ਦਾ ਛੱਟਾ ਦੇਣਾ ਹੀ ਇਸ ਜੋੜੀ ਦਾ ਅਕੀਦਾ ਰਿਹਾ ਹੈ।
ਜਿੱਥੇ ਗੁਰਮੀਤ ਸਿੰਘ ਪਹਿਲੀ ਕਲਾਸ ਤੋਂ ਹੀ ਪੜ੍ਹਾਈ ਦੇ ਮਾਮਲੇ ਵਿਚ ਅਵਲ ਅਤੇ ਕਲਾਸ ਦੇ ਮਨੀਟਰ ਹੁੰਦੇ ਸਨ, ਉੱਥੇ ਇਨ੍ਹਾਂ ਨੇ ਨੌਵੀਂ/ਦਸਵੀਂ ਵਿਚ ਪੜ੍ਹਦਿਆਂ ਹੀ ਸੰਘਰਸ਼ਾਂ ਵਿਚ ਪੈਰ ਧਰ ਲਿਆ ਸੀ ਤੇ ਪੀਰੀਅਡਾਂ ਦਾ ਬਾਈਕਾਟ ਕਰਕੇ ਖੇਡਾਂ ਦਾ ਸਮਾਨ ਮੰਗਵਾਇਆ। ਕਾਲਜ ਵਿਚ ਬੀਐੱਸਸੀ ਨਾਨ ਮੈਡੀਕਲ ਵਰਗੇ ਵਿਸ਼ਿਆਂ ਨਾਲ ਪੜ੍ਹਾਈ ਕਰਦਿਆਂ ਉਹ ਵਿਦਿਆਰਥੀ ਸੰਘਰਸ਼ਾਂ ਦੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਪਿੜਾਂ ਵਿਚ ਆਗੂ ਭੂਮਿਕਾ ਨਿਭਾਉਂਦੇ ਰਹੇ ਹਨ।
ਬੀਐੱਸਸੀ ਬੀਐੱਡ ਕਰਨ ਤੋਂ ਬਾਅਦ ਜਿਉਂ ਹੀ ਇਨ੍ਹਾਂ ਨੂੰ ਸਰਕਾਰੀ ਅਧਿਆਪਕ ਦੀ ਸੇਵਾ ਮਿਲੀ, ਉਦੋਂ ਤੋਂ ਹੀ ਅਧਿਆਪਕ ਜਥੇਬੰਦੀ ਡੀਟੀਐੱਫ ਵਿਚ ਸਰਗਰਮ ਹੋ ਗਏ ਤੇ ਅੱਜ ਤੱਕ ਇਸ ਜਥੇਬੰਦੀ ਵਿਚ ਵਿਚਰ ਰਹੇ ਹਨ। ਡੀਟੀਐੱਫ ਦੇ ਜ਼ਿਲ੍ਹਾ ਬਰਨਾਲਾ ਦੇ ਮੌਜੂਦਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਦੀ ਜਿ਼ੰਮੇਵਾਰੀ ਦੇ ਨਾਲ ਨਾਲ, ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਫਰੰਟ ਡੀਐੱਮਐੱਫ ਦੇ ਸੂਬਾ ਮੀਤ ਪ੍ਰਧਾਨ ਦੀ ਵੀ ਜਿ਼ੰਮੇਵਾਰੀ ਨਿਭਾਅ ਰਹੇ ਹਨ। ਡੀਈਓ ਰਾਜਵਿੰਦਰ ਕੌਰ ਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨ ਕੁਮਾਰ ਖ਼ਿਲਾਫ਼ ਸੰਘਰਸ਼ ਦੌਰਾਨ ਸਿੱਖਿਆ ਵਿਭਾਗ ਨੇ ਸਜ਼ਾ ਵਜੋਂ ਇਨ੍ਹਾਂ ਦੀ ਬਦਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਜੌੜਕੀਆਂ ਦੀ ਕਰ ਦਿੱਤੀ ਪਰ ਇਹ ਪੂਰੇ ਹੌਸਲੇ ਨਾਲ ਸੰਘਰਸ਼ਸ਼ੀਲ ਰਹੇ ਤੇ ਸਿਰਫ਼ 7 ਮਹੀਨਿਆਂ ਵਿਚ ਹੀ ਸੰਘਰਸ਼ ਦੇ ਜ਼ੋਰ ਆਪਣੀ ਨਜਾਇਜ਼ ਬਦਲੀ ਰੱਦ ਕਰਵਾ ਕੇ ਸੁਖਪੁਰੇ ਸਕੂਲ ਵਿਚ ਵਾਪਸ ਆ ਗਏ। ਬਰਨਾਲੇ ਦੀ ਧਰਤੀ ਦਾ ਅਜਿਹਾ ਕੋਈ ਵੀ ਸੰਘਰਸ਼ ਨਹੀਂ ਹੈ ਜਿਸ ਵਿਚ ਗੁਰਮੀਤ ਸਿੰਘ ਸੁਖਪੁਰਾ ਨੇ ਮੋਹਰੀ ਰੋਲ ਨਾ ਨਿਭਾਇਆ ਹੋਵੇ। ਪੰਜਾਬ ਦੇ ਬਹੁ-ਚਰਚਿਤ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੀਨੀਅਰ ਮੈਂਬਰ ਦੇ ਤੌਰ ’ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸੇ ਮਹਾਨ ਘੋਲ ਦੀ ਅਗਵਾਈ ਕਰਨ ਕਰਕੇ ਮਨਜੀਤ ਸਿੰਘ ਧਨੇਰ ਨੂੰ ਬਰਨਾਲਾ ਦੀ ਸੈਸ਼ਨ ਕੋਰਟ ਵੱਲੋਂ ਸੁਣਾਈ ਤੇ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜ਼ਾ ਨੂੰ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਲੱਗੇ ਅਣਮਿਥੇ ਸਮੇਂ ਦੇ ਧਰਨੇ ਨੂੰ ਪਲ ਪਲ ਸੇਧ ਦੇਣ ਲਈ ਬਣੀ 9 ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਰਹੇ। ਉਹ ਇਸ ਸੰਘਰਸ਼ ਦੇ ਪਹਿਲੇ ਦਿਨ ਤੋਂ ਅਖ਼ੀਰਲੇ ਦਿਨ ਤੱਕ ਡਟੇ ਰਹੇ।
ਪੰਜਾਬ ਅਤੇ ਦਿੱਲੀ ਦੇ ਬਾਰਡਰਾਂ ’ਤੇ ਲਗਭਗ ਸਵਾ ਸਾਲ ਚੱਲੇ ਕਿਸਾਨ ਅੰਦੋਲਨ ਵਿਚ ਇਸ ਜੋੜੀ ਨੇ ਅਹਿਮ ਹਿੱਸਾ ਪਾਇਆ। ਕਿਸਾਨ ਅੰਦੋਲਨ ਦੀ ਵੱਡੀ ਆਰਥਿਕ ਮਦਦ ਕਰਨ ਤੋਂ ਇਲਾਵਾ ਇਹ ਅਧਿਆਪਕ ਜੋੜੀ, ਵੱਡੀ ਗਿਣਤੀ ਵਿਚ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਜਥੇਬੰਦ ਕਰਕੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਲੈ ਕੇ ਜਾਂਦੀ ਰਹੀ।
ਜਿੱਥੇ ਇਸ ਜੋੜੀ ਨੇ ਵਿਦਿਆਰਥੀਆਂ ਨੂੰ ਅਸਲ ਸਿੱਖਿਆ, ਭਾਵ ਆਪਣੇ ਹੱਕਾਂ ਤੇ ਫ਼ਰਜ਼ਾਂ ਨੂੰ ਜਾਣਨਾ-ਸਮਝਣਾ ਤੇ ਉਨ੍ਹਾਂ ਲਈ ਮਰ ਮਿਟਣਾ ਸਿਖਾਉਣ ਲਈ ਹਰ ਵਾਹ ਲਾਈ ਹੈ, ਉੱਥੇ ਇਸ ਜੋੜੀ ਨੇ ਮੌਜੂਦਾ ਵਿੱਦਿਅਕ ਪ੍ਰਬੰਧ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਦੀ ਮਿਹਨਤ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਨਕਲ ਦੇ ਕੱਟੜ ਵਿਰੋਧੀ ਹੁੰਦਿਆਂ ਹੋਇਆਂ ਆਪਣੇ ਵਿਦਿਆਰਥੀਆਂ ਦੇ ਨਤੀਜੇ ਹਮੇਸ਼ਾ 100% ਦਿਵਾ ਦੇਣੇ ਕੋਈ ਛੋਟੀ ਗੱਲ ਨਹੀਂ। ਆਪਣੀ ਜਿ਼ੰਮੇਵਾਰੀ ’ਤੇ ਲਗਭਗ ਹਰ ਸਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਟੂਰਾਂ ਉੱਤੇ ਲਿਜਾ ਕੇ ਇਹ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ ਇਲਾਕਿਆਂ ਦੇ ਹਾਲਾਤ, ਰਹਿਣ-ਸਹਿਣ ਤੇ ਸਭਿਆਚਾਰ ਬਾਰੇ ਬੜਾ ਕੁਝ ਦਿਖਾਉਂਦੇ-ਸਮਝਾਉਂਦੇ ਰਹੇ ਹਨ।
ਇਸ ਜੋੜੀ ਨੇ ਆਪਣੇ ਸਰੀਰ ਅਤੇ ਸਰੀਰ ਦੇ ਅੰਗ ਮੈਡੀਕਲ ਖੋਜਾਂ ਅਤੇ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕਣ ਲਈ ਦਾਨ ਦੇਣ ਇਕਰਾਰਨਾਮੇ ਭਰੇ ਹੋਏ ਹਨ। ਇਨ੍ਹਾਂ ਦੇ ਸਮਕਾਲੀ ਅਧਿਆਪਕ ਤੇ ਹੋਰ ਸੰਘਰਸ਼ੀ ਲੋਕ, ਆਪਣੇ ਇਨ੍ਹਾਂ ਸੰਘਰਸ਼ਸ਼ੀਲ ਯੋਧਿਆਂ ਉੱਪਰ ਹਮੇਸ਼ਾ ਮਾਣ ਕਰਦੇ ਹਨ ਅਤੇ ਨਵੇਂ ਜੁਝਾਰੂ ਇਨ੍ਹਾਂ ਦੇ ਦੇ ਆਦਰਸ਼ਾਂ ਤੋਂ ਸੇਧ ਲੈਂਦੇ ਰਹਿਣਗੇ।
ਸੰਪਰਕ: 79733-45256