ਅਗਰਤਲਾ, 21 ਨਵੰਬਰ
ਤ੍ਰਿਪੁਰਾ ’ਚ 25 ਨਵੰਬਰ ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਤੋਂ ਪਹਿਲਾਂ ਹੋ ਰਹੀ ਹਿੰਸਾ ਅਤੇ ਤਣਾਅ ਦਰਮਿਆਨ ਪੁਲੀਸ ਨੇ ਅੱਜ ਪੱਛਮੀ ਬੰਗਾਲ ਤ੍ਰਿਣਮੂਲ ਯੂਥ ਕਾਂਗਰਸ ਪ੍ਰਧਾਨ ਸਯਾਨੀ ਘੋਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਸ ਖ਼ਿਲਾਫ਼ ਹੱਤਿਆ ਅਤੇ ਦੰਗੇ ਫੈਲਾਉਣ ਦੇ ਇਰਾਦੇ ਲਈ ਪੰਜ ਧਾਰਾਵਾਂ ਲਾਈਆਂ ਹਨ। ਤ੍ਰਿਣਮੂਲ ਕਾਂਗਰਸ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ਲਗਾਤਾਰ ਉਨ੍ਹਾਂ ਦੇ ਉਮੀਦਵਾਰਾਂ ਅਤੇ ਵਰਕਰਾਂ ’ਤੇ ਹਮਲੇ ਕਰ ਰਹੀ ਹੈ।
ਉਨ੍ਹਾਂ ਤ੍ਰਿਪੁਰਾ ਪੁਲੀਸ ’ਤੇ ਵੀ ਦੋਸ਼ ਲਾਇਆ ਹੈ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਮੂਕ ਦਰਸ਼ਕ ਬਣੀ ਹੋਈ ਹੈ। ਏਸੀਪੀ ਬੀ ਜਗਦੇਸ਼ਵਰ ਰੈੱਡੀ ਨੇ ਦੱਸਿਆ ਕਿ ਸਯਾਨੀ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਤ੍ਰਿਣਮੂਲ ਦੇ ਚਾਰ ਹੋਰ ਵਰਕਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਭਾਜਪਾ ਵਰਕਰਾਂ ਨੇ ਪੁਲੀਸ ਸਟੇਸ਼ਨ ’ਚ ਹੰਗਾਮਾ ਕੀਤਾ। ਉਸ ਸਮੇਂ ਘੋਸ਼ ਅਤੇ ਤ੍ਰਿਣਮੂਲ ਕਾਂਗਰਸ ਦੇ ਹੋਰ ਆਗੂ ਪੁਲੀਸ ਨਾਲ ਮੀਟਿੰਗ ਕਰ ਰਹੇ ਸਨ। ਘੋਸ਼ ਨੂੰ ਐਤਵਾਰ ਸਵੇਰੇ ਮਹਿਲਾ ਪੁਲੀਸ ਸਟੇਸ਼ਨ ’ਚ ਸੱਦਿਆ ਗਿਆ ਸੀ। ਸਯਾਨੀ ਨਾਲ ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ, ਕੁਨਾਲ ਘੋਸ਼, ਅਰਪਿਤਾ ਘੋਸ਼, ਸੁਬਾਲ ਭੌਮਿਕ ਅਤੇ ਹੋਰ ਆਗੂ ਵੀ ਹਾਜ਼ਰ ਸਨ। ਤ੍ਰਿਣਮੂਲ ਆਗੂ ਨੂੰ ਬਿਨਾਂ ਕੋਈ ਲਿਖਤੀ ਨੋਟਿਸ ਦਿੱਤਿਆਂ ਪੁਲੀਸ ਸਟੇਸ਼ਨ ’ਚ ਸੱਦਿਆ ਗਿਆ ਸੀ। ਸੁਸ਼ਮਿਤਾ ਦੇਵ ਨੇ ਕਿਹਾ ਕਿ ਪੁਲੀਸ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਅਣਗੌਲਿਆ ਕਰ ਦਿੱਤਾ ਅਤੇ ਭਾਜਪਾ ਸਿਆਸੀ ਬਦਲਾਖੋਰੀ ਦੇ ਹੱਥਕੰਡੇ ਅਪਣਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ, ਫਿਰਹਾਦ ਹਾਕਿਮ ਅਤੇ ਹੋਰ ਆਗੂ ਤ੍ਰਿਪੁਰਾ ’ਚ ਪਿਛਲੇ ਕੁਝ ਦਿਨਾਂ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ। -ਆਈਏਐਨਐਸ