ਸਤਵਿੰਦਰ ਬਸਰਾ
ਲੁਧਿਆਣਾ, 25 ਅਕਤੂਬਰ
ਸਨਅਤੀ ਸ਼ਹਿਰ ਵਿੱਚ ਕਿਸਾਨ, ਲੇਖਕਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਦੇ ਪੁਤਲੇ ਸਾੜੇ ਗਏ। ਇਨ੍ਹਾਂ ਤੋਂ ਇਲਾਵਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਮਾਜ ਸੇਵੀ ਜੱਥੇਬੰਦੀਆਂ, ਕਿਸਾਨਾਂ, ਲੇਖਕਾਂ ਨੇ ਲੁਧਿਆਣਾ-ਫਿਰੋਜ਼ਪੁਰ, ਲੁਧਿਆਣਾ-ਜਲੰਧਰ ਰੋਡ ’ਤੇ ਪੈਂਦੇ ਟੋਲ ਪਲਾਜ਼ਿਆਂ ਉੱਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ। ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਫਿਰੋਜ਼ਪੁਰ ਰੋਡ ’ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਸੰਘਰਸ਼ ਦੀ ਹਮਾਇਤ ਕੀਤੀ। ਸੰਘਰਸ਼ ਵਿੱਚ ਲੇਖਕ, ਸਾਹਿਤ ਸਭਾ ਵੱਲੋਂ ਪ੍ਰਭਜੋਤ ਸੋਹੀ ਤੇ ਰਾਜਦੀਪ ਤੂਰ ਦੀ ਅਗਵਾਈ ਹੇਠ, ਅਦਬੀ ਦਾਇਰਾ ਵੱਲੋਂ ਤਰਲੋਚਨ ਝਾਂਡੇ, ਰਾਜਿੰਦਰ ਮੱਲਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ , ਹਰਬੰਸ ਮਾਲਵਾ, ਬਲਕੌਰ ਸਿੰਘ ਗਿੰਲ, ਸੁਰਿੰਦਰ ਕੈਲੇ, ਭਗਵਾਨ ਢਿੱਲੋਂ ਸ਼ਾਮਲ ਹੋਏ।
ਸਮਰਾਲਾ (ਡੀਪੀਐੱਸ ਬੱਤਰਾ): ਅੱਜ ਦਸਹਿਰੇ ਵਾਲੇ ਦਿਨ ਬਦੀ ਦਾ ਪ੍ਰਤੀਕ ਮੰਨੇ ਜਾਂਦੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਵਲ ਲਾਈਨ ਵਿੱਚ ਪੁਤਲਾ ਫੂਕੇ। ਮਹਿਲਾ ਮੰਡਲ ਕਾਂਗਰਸ ਸਮਰਾਲਾ ਦੀ ਪ੍ਰਧਾਨ ਮਨਜੀਤ ਕੌਰ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਵਣ ਨਾਲੋਂ ਵੀ ਵੱਧ ਹੰਕਾਰੀ ਹੈ, ਜਿਸ ਨੇ ਆਪਣੇ ਹੰਕਾਰ ਨੂੰ ਬਚਾਉਣ ਲਈ ਦੇਸ਼ ਨੂੰ ਹੀ ਬਰਬਾਦੀ ਦੇ ਰਾਹ ਵੱਲ ਧਕੇਲ ਦਿੱਤਾ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਘੁਲਾਲ ਟੌਲ ਪਲਾਜ਼ਾ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵਬੰਰ ਤੋਂ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਵਪਾਰੀ ਤੇ ਹੋਰ ਵਰਗ ਸ਼ਮੂਲੀਅਤ ਕਰ ਰਹੇ ਹਨ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਇੱਥੇ ਕਿਸਾਨ ਜਥੇਬੰਦੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ‘ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ’ ਤਿਉਹਾਰ ਦਸਹਿਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਮਨਾਇਆ ਗਿਆ। ਕਿਸਾਨਾਂ ਨੇ ਸ਼ਹਿਰ ਦੇ ਪ੍ਰਮੁੱਖ ਹਰੀ ਸਿੰਘ ਨਲਵਾ ਚੌਕ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ’ਚ ਇਕ ਰੋਸ ਪ੍ਰਦਰਸ਼ਨ ਕੀਤਾ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ, ਗੁਰਮੇਲ ਸਿੰਘ ਮਹੋਲੀ, ਮਲਕੀਤ ਸਿੰਘ ਪੰਡੋਰੀ, ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਦੀ ਜੋ ਸਾਜਿਸ਼ ਰਚੀ ਹੈ, ਕਿਸਾਨ ਏਕਤਾ ਉਸ ਸਾਜਿਸ਼ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਕਿਸਾਨਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ, ਜਿਸ ’ਤੇ ਕਾਰੋਬਾਰੀ ਅਡਾਨੀ, ਅੰਬਾਨੀ ਅਤੇ ਹੋਰ ਮੰਤਰੀਆਂ ਦੇ ਚਿਹਰੇ ਵੀ ਲੱਗੇ ਹੋਏ ਸਨ।