ਮੁੱਖ ਅੰਸ਼
- ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਕੀਤਾ ਸੰਬੋਧਨ
- ਭਾਜਪਾ ਵਰਕਰਾਂ ਨੂੰ ‘ਸਨੇਹ ਯਾਤਰਾ’ ਕੱਢਣ ਦਾ ਸੱਦਾ
- ਮੁਲਕ ਦਾ ਟੀਚਾ ‘ਤੁਸ਼ਟੀਕਰਨ’ ਤੋਂ ‘ਤ੍ਰਿਪਤੀਕਰਨ’ ਵੱਲ ਹੋਵੇ’
-
ਪ੍ਰਧਾਨ ਮੰਤਰੀ ਨੇ ਹੈਦਰਾਬਾਦ ਨੂੰ ਭਾਗਿਆਨਗਰ ਦਾ ਨਾਮ ਦਿੱਤਾ
ਹੈਦਰਾਬਾਦ, 3 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਮੈਂਬਰਾਂ ਨੂੰ ਉਨ੍ਹਾਂ ਪਾਰਟੀਆਂ ਦੀਆਂ ਗਲਤੀਆਂ ਤੋਂ ਸਬਕ ਲੈਣ ਲਈ ਕਿਹਾ ਹੈ, ਜਿਨ੍ਹਾਂ ਲੰਬੇ ਸਮੇਂ ਤੱਕ ਦੇਸ਼ ’ਤੇ ਰਾਜ ਕੀਤਾ ਪਰ ਹੁਣ ਉਹ ਪਤਨ ਵੱਲ ਹਨ। ਸ੍ਰੀ ਮੋਦੀ ਨੇ ਸੰਜਮ, ਸੰਤੁਲਿਤ ਨਜ਼ਰੀਏ ਅਤੇ ਤਾਲਮੇਲ ਬਣਾ ਕੇ ਰੱਖਣ ਜਿਹੇ ਗੁਣਾਂ ’ਤੇ ਵੀ ਜ਼ੋਰ ਦਿੱਤਾ। ਭਾਜਪਾ ਕੌਮੀ ਕਾਰਜਕਾਰਨੀ ਦੇ ਅੰਤਿਮ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਹੋਕਾ ਦਿੱਤਾ ਕਿ ਉਹ ਮੁਲਕ ਨੂੰ ‘ਸ੍ਰੇਸ਼ਠ’ ਬਣਾਉਣ ਲਈ ਮਿਹਨਤ ਕਰਨ ਅਤੇ ਉਨ੍ਹਾਂ ਦਾ ਟੀਚਾ ‘ਤੁਸ਼ਟੀਕਰਨ’ ਤੋਂ ‘ਤ੍ਰਿਪਤੀਕਰਨ’ ਵੱਲ ਹੋਣਾ ਚਾਹੀਦਾ ਹੈ ਜਿਸ ਬਾਰੇ ਵਿਰੋਧੀ ਪਾਰਟੀਆਂ ਭਾਜਪਾ ’ਤੇ ਦੋਸ਼ ਲਾਉਂਦੀਆਂ ਆ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸਭ ਦਾ ਵਿਕਾਸ ਹੋਵੇਗਾ ਅਤੇ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ‘ਸਨੇਹ ਯਾਤਰਾ’ ਕੱਢਣ ਦਾ ਸੱਦਾ ਵੀ ਦਿੱਤਾ ਜੋ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚਣ ਦੇ ਨਾਲ ਨਾਲ ਉਨ੍ਹਾਂ ’ਚ ਪ੍ਰੇਮ ਦੇ ਸੰਚਾਰ ਵੱਲ ਕੇਂਦਰਤ ਹੋਣ। ਉਨ੍ਹਾਂ ਲੋਕ ਪੱਖੀ ਤੋਂ ਚੰਗੇ ਰਾਜ (ਪੀ2 ਤੋਂ ਜੀ2) ਵੱਲ ਵਧਣ ’ਤੇ ਵੀ ਜ਼ੋਰ ਦਿੱਤਾ। ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ਪਰਿਵਾਰਵਾਦ ਦੀ ਸਿਆਸਤ ਅਤੇ ਅਜਿਹੀਆਂ ਪਾਰਟੀਆਂ ਤੋਂ ਅੱਕ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਲੰਬੇ ਸਮੇਂ ਤੱਕ ਟਿਕਣਾ ਮੁਸ਼ਕਲ ਹੋਵੇਗਾ। ਪਾਰਟੀ ਵਰਕਰਾਂ ਨੂੰ ਲੋਕਾਂ ਨਾਲ ਜੁੜਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪਤਨ ਵੱਲ ਜਾ ਰਹੀਆਂ ਪਾਰਟੀਆਂ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ ਹੈ। ਉਨ੍ਹਾਂ 2016 ’ਚ ਭਾਜਪਾ ਵਰਕਰਾਂ ਨੂੰ ਦਿੱਤੇ ਗਏ ਭਾਸ਼ਨ ਦੌਰਾਨ ‘ਸੇਵਾ ਭਾਵ’, ‘ਸੰਤੁਲਨ’, ‘ਸੰਜਮ’, ਸਾਕਾਰਾਤਮਕ, ‘ਸਦਭਾਵਨਾ’ ਅਤੇ ‘ਸੰਵਾਦ’ ਦੇ ਗੁਣਾਂ ਨੂੰ ਯਾਦ ਕਰਦਿਆਂ ਇਹ ਸੁਨੇਹਾ ਦੁਹਰਾਇਆ। ਦੋ ਦਿਨੀਂ ਕਾਰਜਕਾਰਨੀ ਦੀ ਮੀਟਿੰਗ ’ਚ ਭਾਜਪਾ ਨੇ ਜਥੇਬੰਦਕ ਸਰਗਰਮੀਆਂ ਦਾ ਜਾਇਜ਼ਾ ਲਿਆ ਅਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਚੰਗੇ ਸ਼ਾਸਨ ਦੀ ਸ਼ਲਾਘਾ ਕੀਤੀ। ਪਾਰਟੀ ਆਗੂਆਂ ਨੇ ਕਿਹਾ ਕਿ ਉਦੈਪੁਰ ’ਚ ਦਰਜੀ ਦੀ ਹੱਤਿਆ ਅਤੇ ਨੂਪੁਰ ਸ਼ਰਮਾ ਜਿਹੇ ਵਿਵਾਦਾਂ ਬਾਰੇ ਮੀਟਿੰਗ ’ਚ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ। ਉਂਜ ਦਰਜੀ ਕਨ੍ਹੱਈਆ ਲਾਲ ਦਾ ਸ਼ੋਕ ਮਤੇ ’ਚ ਜ਼ਿਕਰ ਜ਼ਰੂਰ ਕੀਤਾ ਗਿਆ ਹੈ। ਹੈਦਰਾਬਾਦ ਨੂੰ ਭਾਗਿਆਨਗਰ ਦਾ ਨਾਮ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਦਾਰ ਵੱਲਬਭਾਈ ਪਟੇਲ ਨੇ ਸਾਰੇ ਖ਼ਿੱਤਿਆਂ ਨੂੰ ਇਕਜੁੱਟ ਕਰਕੇ ‘ਏਕ ਭਾਰਤ’ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਾਰਾ ਸਰਮਾਇਆ ਹਰੇਕ ਭਾਰਤੀ ਦਾ ਹੈ ਅਤੇ ਭਾਜਪਾ ਇਸ ਫਲਸਫੇ ’ਚ ਯਕੀਨ ਰਖਦੀ ਹੈ ਅਤੇ ਇਸੇ ਕਰਕੇ ਉਸ ਵੱਲੋਂ ਪਟੇਲ ਵਰਗੇ ਕਾਂਗਰਸ ਦੇ ਦਿੱਗਜ ਨੇਤਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਜਪਾ ਦੇ ਜਮਹੂਰੀ ਤਾਣੇ-ਬਾਣੇ ’ਤੇ ਸਵਾਲ ਉਠਾਉਣ ਲਈ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀਆਂ ਜਥੇਬੰਦੀਆਂ ’ਚ ਜਮਹੂਰੀਅਤ ਦੇ ਦਰਜੇ ਵੱਲ ਦੇਖਣ। -ਪੀਟੀਆਈ
ਮੋਦੀ ਨੇ ਤਿਲੰਗਾਨਾ ਦੇ ਲੋਕਾਂ ਤੋਂ ਇੱਕ ਮੌਕਾ ਮੰਗਿਆ
ਹੈਦਰਾਬਾਦ ’ਚ ਵਿਜੈ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐੱਨਡੀਏ ਸਰਕਾਰ ਹਰੇਕ ਨਾਗਰਿਕ ਦੇ ਜੀਵਨ ’ਚ ਸਕਾਰਾਤਮਕ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਹੈ ਅਤੇ ਪਿਛਲੇ ਅੱਠ ਸਾਲਾਂ ਦੌਰਾਨ ਲੋਕਾਂ ਦਾ ਜੀਵਨ ਸੁਖਾਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦੇ ਲੋਕਾਂ ਨੇ ਸੂਬੇ ’ਚ ਡਬਲ ਇੰਜਣ ਸਰਕਾਰ ਲਿਆਉਣ ਦਾ ਤਹੱਈਆ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਿਲੰਗਾਨਾ ’ਚ ਭਾਜਪਾ ਸਰਕਾਰ ਬਣੇਗੀ ਤਾਂ ਸੂਬੇ ਦੇ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕੋਵਿਡ-19 ਦੌਰਾਨ ਉਨ੍ਹਾਂ ਦੀ ਸਰਕਾਰ ਨੇ ਤਿਲੰਗਾਨਾ ਦੇ ਹਰੇਕ ਪਰਿਵਾਰ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ
ਬੈਨਰ ਲਗਾਉਣ ’ਤੇ ਭਾਜਪਾ ਅਤੇ ਟੀਆਰਐੱਸ ਨੂੰ ਜੁਰਮਾਨਾ
ਹੈਦਰਾਬਾਦ: ਗਰੇਟਰ ਹੈਦਰਾਬਾਦ ਮਿਊਂਸਿਪਲ ਕਾਰਪੋਰੇਸ਼ਨ ਨੇ ਬਿਨਾਂ ਇਜਾਜ਼ਤ ਦੇ ਬੈਨਰ ਲਗਾਉਣ ’ਤੇ ਭਾਜਪਾ ਅਤੇ ਟੀਆਰਐੱਸ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਠੋਕਿਆ ਹੈ। ਭਾਜਪਾ ਦਾ 20 ਲੱਖ ਰੁਪਏ ਦਾ ਚਾਲਾਨ ਕੀਤਾ ਗਿਆ ਹੈ ਜਦਕਿ ਟੀਆਰਐੱਸ ’ਤੇ ਤਿੰਨ ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਬੈਨਰ ਤੁਰੰਤ ਨਾ ਹਟਾਏ ਗਏ ਤਾਂ ਜੁਰਮਾਨੇ ਦੀ ਰਕਮ ਵਧ ਵੀ ਸਕਦੀ ਹੈ। ਭਾਜਪਾ ਨੇ ਕੌਮੀ ਕਾਰਜਕਾਰਨੀ ਮੀਟਿੰਗ ਦੇ ਸਬੰਧ ’ਚ ਪੋਸਟਰ ਅਤੇ ਬੈਨਰ ਲਗਾਏ ਸਨ ਜਦਕਿ ਟੀਆਰਐੱਸ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਪੱਖ ’ਚ ਪ੍ਰਚਾਰ ਲਈ ਬੈਨਰ ਲਗਾਏ ਸਨ। ਮਿਊਂਸਿਪਲ ਕਾਰਪੋਰੇਸ਼ਨ ਨੂੰ ਬੈਨਰ ਲਗਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਸ਼ਿਕਾਇਤਾਂ ਅਤੇ ਤਸਵੀਰਾਂ ਮਿਲ ਰਹੀਆਂ ਸਨ ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। -ਪੀਟੀਆਈ
ਮੁਰਮੂ ਦੇ ਹੱਕ ’ਚ ਸਹੀ ਢੰਗ ਨਾਲ ਵੋਟ ਪਾਉਣ ਲਈ ਕਿਹਾ
ਆਪਣੇ ਭਾਸ਼ਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਪਿਛੋਕੜ ਤੇ ਸਿਆਸੀ ਸਫ਼ਰ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਹੀ ਢੰਗ ਨਾਲ ਵੋਟਾਂ ਪਾ ਕੇ ਮੁਰਮੂ ਨੂੰ ਜਿਤਾਉਣ ਕਿਉਂਕਿ ਛੋਟੀ ਜਿਹੀ ਗਲਤੀ ਨਾਲ ਵੋਟ ਅਯੋਗ ਠਹਿਰਾਇਆ ਜਾ ਸਕਦਾ ਹੈ।
ਅਗਲੇ 30-40 ਸਾਲ ਭਾਜਪਾ ਦਾ ਰਾਜ ਰਹੇਗਾ: ਸ਼ਾਹ
ਹੈਦਰਾਬਾਦ: ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅਗਲੇ 30-40 ਸਾਲ ਭਾਜਪਾ ਦਾ ਰਾਜ ਰਹੇਗਾ ਜੋ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਤਿਲੰਗਾਨਾ ਅਤੇ ਪੱਛਮੀ ਬੰਗਾਲ ’ਚ ‘ਪਰਿਵਾਰਵਾਦ ਦੇ ਸ਼ਾਸਨ’ ਨੂੰ ਖ਼ਤਮ ਕਰੇਗੀ ਤੇ ਉਨ੍ਹਾਂ ਸੂਬਿਆਂ ’ਚ ਸਰਕਾਰ ਵੀ ਬਣਾਏਗੀ ਜਿਥੇ ਉਹ ਅਜੇ ਤੱਕ ਸੱਤਾ ਤੋਂ ਦੂਰ ਹੈ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਸਿਆਸੀ ਮਤਾ ਪੇਸ਼ ਕਰਦਿਆਂ ਸ਼ਾਹ ਨੇ ਵੰਸ਼ਵਾਦ, ਜਾਤੀਵਾਦ ਅਤੇ ਖਾਸ ਫਿਰਕਿਆਂ ਨੂੰ ਖੁਸ਼ ਕਰਨ ਦੀ ਸਿਆਸਤ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਅਤੇ ਵਧੀਆ ਪ੍ਰਦਰਸ਼ਨ ਕਾਰਨ ਹੁਣੇ ਜਿਹੇ ਹੋਈਆਂ ਚੋਣਾਂ ’ਚ ਜਿੱਤ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਾ ਅਗਲਾ ਦੌਰ ਦੱਖਣੀ ਭਾਰਤ ’ਚ ਸ਼ੁਰੂ ਕੀਤਾ ਜਾਵੇਗਾ। ਸ਼ਾਹ ਨੇ ਸਿਆਸੀ ਹਿੰਸਾ ਖ਼ਤਮ ਕਰਨ ਦਾ ਵੀ ਹੋਕਾ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਜਿਸ ’ਚ ਗੁਜਰਾਤ ਦੰਗਿਆਂ ਦੇ ਮਾਮਲੇ ’ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 64 ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਸ਼ਾਹ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਕਦੇ ਵੀ ਕਾਂਗਰਸ ਆਗੂ ਰਾਹੁਲ ਗਾਂਧੀ ਵਾਂਗ ਨਾਟਕ ਨਹੀਂ ਕੀਤਾ ਜੋ ਈਡੀ ਸਾਹਮਣੇ ਪੇਸ਼ੀ ਸਮੇਂ ਉਨ੍ਹਾਂ ਕੀਤਾ ਸੀ। ਪਾਰਟੀ ਦੇ ਸਿਆਸੀ ਮਤੇ ’ਚ ਅਗਨੀਪਥ ਯੋਜਨਾ ਦੀ ਸ਼ਲਾਘਾ ਕੀਤੀ ਗਈ ਹੈ। ਸ਼ਾਹ ਨੇ ਨਾਗਰਿਕਤਾ ਸੋਧ ਐਕਟ, ਰਾਮ ਮੰਦਰ ਦੀ ਉਸਾਰੀ, ਸਰਜੀਕਲ ਸਟਰਾਈਕ ਅਤੇ ਧਾਰਾ 370 ਖ਼ਤਮ ਕਰਨ ਜਿਹੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੰਡੀ ਹੋਈ ਵਿਰੋਧੀ ਧਿਰ ਵੱਲੋਂ ਸਰਕਾਰ ਦੇ ਹਰੇਕ ਵਧੀਆ ਕੰਮ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਮੋਦੀ ਫੋਬੀਆ’ ਤੋਂ ਪੀੜਤ ਹੈ ਅਤੇ ਦੇਸ਼ ਹਿੱਤ ’ਚ ਸਰਕਾਰ ਵੱਲੋਂ ਲਏ ਜਾਂਦੇ ਹਰੇਕ ਫ਼ੈਸਲੇ ਦੀ ਉਸ ਵੱਲੋਂ ਨਿੰਦਾ ਕੀਤੀ ਜਾਂਦੀ ਹੈ।
ਸ਼ਾਹ ਦੇ ਬਿਆਨ ਦਾ ਟੀਐਮਸੀ ਨੇ ਮਖੌਲ ਉਡਾਇਆ
ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੱਛਮੀ ਬੰਗਾਲ ਅਤੇ ਤਿਲੰਗਾਨਾ ’ਚੋਂ ‘ਪਰਿਵਾਰ ਦਾ ਸ਼ਾਸਨ’ ਖ਼ਤਮ ਕਰਨ ਦੇ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਟੀਐਮਸੀ ਨੇ ਕਿਹਾ ਕਿ ਪੂਰਬੀ ਸੂਬਿਆਂ ਦੇ ਲੋਕਾਂ ਨੇ ਭਗਵਾ ਪਾਰਟੀ ਦੀ ਵੰਡਪਾਊ ਸਿਆਸਤ ਨੂੰ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਨਕਾਰ ਦਿੱਤਾ ਸੀ ਅਤੇ ਮਮਤਾ ਬੈਨਰਜੀ ਦੀ ਅਗਵਾਈ ਹੇਠ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਸੱਤਾ ਸੌਂਪੀ ਸੀ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ ਕਿ ਜੇਕਰ ਭਾਜਪਾ ਸ਼ੀਸ਼ੇ ’ਚ ਦੇਖੇਗੀ ਤਾਂ ਉਸ ਨੂੰ ਪਰਿਵਾਰਵਾਦ ਦੀ ਸਿਆਸਤ ਨੂੰ ਉਕਸਾਉਣ ਵਾਲਾ ਚਿਹਰਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੂਰੇ ਅਧਿਕਾਰੀ ਪਰਿਵਾਰ ਨੂੰ ਪਾਰਟੀ ’ਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਸਿੰਧੀਆ ਪਰਿਵਾਰ ਅਤੇ ਕੈਲਾਸ਼ ਵਿਜੈਵਰਗੀਯ ਦੇ ਪੁੱਤਰ ਦੀਆਂ ਮਿਸਾਲਾਂ ਵੀ ਜੱਗ ਜ਼ਾਹਿਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਾਹ ਦਾ 2021 ਦੀਆਂ ਚੋਣਾਂ ’ਚ ਬੰਗਾਲ ’ਤੇ ਕਬਜ਼ੇ ਦਾ ਸੁਪਨਾ ਚੂਰ ਹੋਣ ਕਰਕੇ ਹੁਣ ਉਹ ਅਜਿਹੇ ਬਿਆਨ ਦਾਗ਼ ਰਹੇ ਹਨ। ਘੋਸ਼ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਸੂਬੇ ’ਚ ਹੜ੍ਹ ਆਏ ਹੋਏ ਹਨ ਤਾਂ ਉਹ ਹੈਦਰਾਬਾਦ ’ਚ ਸਿਆਸੀ ਬਿਆਨ ਦਾਗ਼ ਰਹੇ ਹਨ। -ਪੀਟੀਆਈ